ਕਿਸਾਨ ਮੇਲੇ ਲਈ ਮੁਕੇਰੀਆਂ ਤੋਂ ਕਿਸਾਨਾਂ ਦਾ ਜਥਾ ਰਵਾਨਾ
ਕਿਸਾਨ ਮੇਲੇ ਲਈ ਮੁਕੇਰੀਆਂ ਤੋਂ ਕਿਸਾਨਾਂ ਦਾ ਜੱਥਾ ਰਵਾਨਾ
Publish Date: Fri, 10 Apr 2026 05:17 PM (IST)
Updated Date: Sat, 11 Apr 2026 04:03 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਇੱਥੇ ਬਲਾਕ ਖੇਤੀਬਾੜੀ ਅਫ਼ਸਰ ਡਾ. ਕੰਵਲਦੀਪ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਜੱਥਾ ਦੋ ਬੱਸਾਂ ਵਿੱਚ ਸਵਾਰ ਹੋ ਕੇ ਹੁਸ਼ਿਆਰਪੁਰ ਵਿੱਚ ਲੱਗ ਰਹੇ ਕਿਸਾਨ ਮੇਲੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਇਸ ਮੌਕੇ ਕਿਸਾਨਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਡਾ. ਕੰਵਲਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਮੇਲੇ ਕਿਸਾਨਾਂ ਲਈ ਜਾਣਕਾਰੀ ਦਾ ਵੱਡਾ ਸਰੋਤ ਹੁੰਦੇ ਹਨ, ਜਿੱਥੇ ਉਨ੍ਹਾਂ ਨੂੰ ਨਵੀਂ ਤੇ ਆਧੁਨਿਕ ਖੇਤੀ ਤਕਨੀਕ, ਅਧੁਨਿਕ ਮਸ਼ੀਨਰੀ ਅਤੇ ਉੱਚ ਕੋਟੀ ਦੇ ਬੀਜ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਹੁੰਦੀ ਹੈ। ਮੇਲੇ ਵਿੱਚ ਕਿਸਾਨਾਂ ਨੂੰ ਇਹ ਵੀ ਸਮਝਾਇਆ ਜਾਵੇਗਾ ਕਿ ਕਿਵੇਂ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਖ਼ਾਦ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਦਾ ਸਮਰੱਥ ਤਰੀਕੇ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਪ੍ਰਦਰਸ਼ਨੀ ਸਟਾਲਾਂ ਰਾਹੀਂ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਵਿਸ਼ਿਆਂ ’ਤੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਬਜ਼ੀ ਉਤਪਾਦਨ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਹੋਰ ਸਹਾਇਕ ਖੇਤੀ ਕਾਰੋਬਾਰਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ, ਜਿਸ ਨਾਲ ਕਿਸਾਨ ਨਵੀਆਂ ਤਕਨੀਕਾਂ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣਗੇ। ਡਾ. ਕੰਵਲਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਆਯੋਜਿਤ ਇਸ ਤਰ੍ਹਾਂ ਦੇ ਮੇਲਿਆਂ ਵਿੱਚ ਜ਼ਰੂਰ ਭਾਗ ਲੈਣ ਤਾਂ ਜੋ ਉਹ ਨਵੀਂ ਖੇਤੀਬਾੜੀ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕਰ ਕੇ ਆਪਣੀਆਂ ਫ਼ਸਲਾਂ ਤੋਂ ਵਧੀਆ ਮੁਨਾਫ਼ਾ ਕਮਾ ਸਕਣ।