ਸਰਕਾਰੀ ਅੰਕੜੇ ਦਾਅਵਿਆਂ ਦੀ ਫੂਕ ਕੱਢ ਰਹੇ : ਤੀਕਸ਼ਣ ਸੂਦ
ਸਰਕਾਰੀ ਅੰਕੜੇ ਪੰਜਾਬ ਸਰਕਾਰ ਦੀ ‘ਸਿਹਤ ਕ੍ਰਾਂਤੀ’ ਦੇ ਦਾਅਵਿਆਂ ਦੀ ਫੂਕ ਕੱਢ ਰਹੇ ਹਨ: ਤੀਕਸ਼ਣ ਸੂਦ
Publish Date: Fri, 10 Apr 2026 04:45 PM (IST)
Updated Date: Sat, 11 Apr 2026 04:00 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਨੇ ਪੰਜਾਬ ਸਰਕਾਰ ਦੇ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਦਾਅਵਿਆਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਸਰਕਾਰੀ ਅੰਕੜੇ ਖੁਦ ਹੀ ‘ਸਿਹਤ ਕ੍ਰਾਂਤੀ’ ਦੀ ਹਕੀਕਤ ਬਿਆਨ ਕਰ ਰਹੇ ਹਨ। ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਸੂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਮਾਡਲ ਦੇ ਜ਼ਰੀਏ ਸਿਹਤ ਖੇਤਰ ਵਿੱਚ ਵੱਡਾ ਬਦਲਾਅ ਲਿਆਉਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲੇ ਸਾਲ ਦੌਰਾਨ 16 ਨਵੇਂ ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਕੀਤੀ ਗਈ ਸੀ, ਪਰ ਅਜੇ ਤੱਕ ਇੱਕ ਵੀ ਨਵਾਂ ਮੈਡੀਕਲ ਕਾਲਜ ਸਾਹਮਣੇ ਨਹੀਂ ਆਇਆ। ਸੂਦ ਨੇ ਕਿਹਾ ਕਿ ਮੁਹੱਲਾ ਕਲੀਨਿਕ ਬਣਾਉਣ ਲਈ ਕਈ ਪੁਰਾਣੀਆਂ ਸਿਹਤ ਸਹੂਲਤਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਨਵਾਂ ਸਟਾਫ ਭਰਤੀ ਨਾ ਹੋਣ ਕਰਕੇ ਸਿਹਤ ਪ੍ਰਣਾਲੀ ਹੋਰ ਕਮਜ਼ੋਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਵਿੱਚ ਕੋਈ ਵੱਡਾ ਵਾਧਾ ਨਹੀਂ ਹੋਇਆ, ਜਦਕਿ ਹੋਰ ਰਾਜਾਂ ਵਿੱਚ ਇਹ ਗਿਣਤੀ ਕਾਫ਼ੀ ਵਧੀ ਹੈ। ਸੂਦ ਦੇ ਅਨੁਸਾਰ ਬਿਹਾਰ ਵਿੱਚ ਤਿੰਨ ਸਾਲਾਂ ਵਿੱਚ ਇਹ ਗਿਣਤੀ 5 ਗੁਣਾ, ਹਰਿਆਣਾ ਵਿੱਚ 4 ਗੁਣਾ, ਉੱਤਰ ਪ੍ਰਦੇਸ਼ ਵਿੱਚ 3 ਗੁਣਾ ਅਤੇ ਮਹਾਰਾਸ਼ਟਰ ਵਿੱਚ 6 ਗੁਣਾ ਵਧੀ ਹੈ, ਜਦਕਿ ਪੰਜਾਬ ਵਿੱਚ ਇਹ ਵਾਧਾ ਕੇਵਲ 2 ਗੁਣਾ ਹੀ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਆਬਾਦੀ ਦੇ ਹਿਸਾਬ ਨਾਲ ਪੰਜਾਬ ਹਰਿਆਣਾ ਨਾਲੋਂ ਵੱਡਾ ਰਾਜ ਹੈ, ਤਾਂ ਫਿਰ ਇਨ੍ਹਾਂ ਅੰਕੜਿਆਂ ਦੇ ਮੱਦੇਨਜ਼ਰ ਸਰਕਾਰ ਦੇ ਸਿਹਤ ਕ੍ਰਾਂਤੀ ਦੇ ਦਾਅਵੇ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੇ ਹਨ। ਸੂਦ ਨੇ ਕਿਹਾ ਕਿ ਲੋਕਾਂ ਨੂੰ ਹੁਣ ਹਕੀਕਤ ਸਮਝ ਆ ਰਹੀ ਹੈ ਅਤੇ ਸਰਕਾਰ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ।