- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੱਬੇਵਾਲ ਰੈਲੀ ’ਚ ਸੁਖਬੀਰ ਬਾਦਲ ਦਾ ਤਿੱਖਾ ਹਮਲਾ—“ਪੰਜਾਬ ’ਚ ਗੁੰਡਾਗਰਦੀ ਰਾਜ, ਲੋਕਾਂ ਦਾ ਸਰਕਾਰ ’ਤੇ ਭਰੋਸਾ ਟੁੱਟਿਆ”

ਐਚ ਐਸ ਪੀ 21, 22, 23 : ਚੱਬੇਵਾਲ ’ਚ ਰੈਲੀ ਦੌਰਾਨ ਸੰਬੋਧਨ ਕਰਦੇ ਸੁਖਬੀਰ ਸਿੰਘ ਬਾਦਲ ਅਤੇ ਮੌਜੂਦ ਵੱਡਾ ਇਕੱਠ।
* ਆੜ੍ਹਤੀਆਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਕੋਲ ਜਾਣਾ ਪਿਆ, ਸਰਕਾਰ ਨਹੀਂ ਸੁਣ ਰਹੀ : ਬਾਦਲ
* ਕੰਢੀ ਏਰੀਏ ਲਈ ਖਾਸ ਮਿਨਿਸਟਰੀ, ਐਕਸਪ੍ਰੈੱਸਵੇਅ ਤੇ ਵੱਡੇ ਵਿਕਾਸੀ ਐਲਾਨ
ਸੰਜੀਵ ਸੂਦ/ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ/ਚੱਬੇਵਾਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਸੂਬੇ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਬਹੁਤ ਖ਼ਰਾਬ ਹੋ ਚੁੱਕੀ ਹੈ ਤੇ ਲੋਕਾਂ ਦਾ ਸਰਕਾਰ ’ਤੇ ਭਰੋਸਾ ਪੂਰੀ ਤਰ੍ਹਾਂ ਡਿੱਗ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਵੇਲੇ ਕਥਿਤ ਗੁੰਡਾਗਰਦੀ ਰਾਜ ਚੱਲ ਰਿਹਾ ਹੈ ਤੇ ਆਮ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਇਹ ਗੱਲਾਂ ਕਸਬਾ ਚੱਬੇਵਾਲ ’ਚ ‘ਪੰਜਾਬ ਬਚਾਓ ਰੈਲੀ’ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀਆਂ।
ਸੁਖਬੀਰ ਬਾਦਲ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਸੂਬੇ ’ਚ ਗੈਂਗਸਟਰਾਂ ਦਾ ਦਬਦਬਾ ਵੱਧ ਰਿਹਾ ਹੈ ਤੇ ਲੋਕਾਂ ਨੂੰ ਫੋਨ ਕਰ ਕੇ ਧਮਕਾਇਆ ਜਾ ਰਿਹਾ ਹੈ। ਪੰਜਾਬ ’ਚ ਲੁੱਟ-ਖੋਹ ਤੇ ਫਿਰੌਤੀ ਦੇ ਮਾਮਲੇ ਆਮ ਹੋ ਚੁੱਕੇ ਹਨ, ਜਿਸ ਕਾਰਨ ਵਪਾਰੀ, ਕਿਸਾਨ ਤੇ ਆਮ ਜਨਤਾ ਡਰ ਦੇ ਮਾਹੌਲ ’ਚ ਜੀਅ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਗੈਂਗਸਟਰਾਂ ਨੂੰ ਪਨਾਹ ਦੇ ਰਹੀ ਹੈ।
ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਡੈਲੀਗੇਸ਼ਨ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਨ ਦੇ ਮੁੱਦੇ 'ਤੇ ਬਾਦਲ ਨੇ ਕਿਹਾ ਕਿ ਇਹ ਪੰਜਾਬ ਲਈ ਬੜੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆੜ੍ਹਤੀਆਂ ਨੂੰ ਆਪਣੇ ਮੁੱਖ ਮੰਤਰੀ 'ਤੇ ਕੋਈ ਵਿਸ਼ਵਾਸ ਨਹੀਂ ਰਿਹਾ ਕਿਉਂਕਿ ਭਗਵੰਤ ਮਾਨ ਕਿਸੇ ਨੂੰ ਮਿਲਣ ਲਈ ਤਿਆਰ ਹੀ ਨਹੀਂ ਹਨ। ਵਪਾਰੀ ਵਰਗ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਹਰਿਆਣਾ ਵੱਲ ਦੇਖਣ ਲਈ ਮਜਬੂਰ ਹੈ। ਬਾਦਲ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਪੰਜਾਬ ਦੇ ਆੜ੍ਹਤੀਆਂ ਨੂੰ ਆਪਣੀਆਂ ਸਮੱਸਿਆਵਾਂ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਜਾਣਾ ਪਿਆ ਹੈ, ਜੋ ਕਿ ਬਹੁਤ ਚਿੰਤਾਜਨਕ ਗੱਲ ਹੈ।
ਰੈਲੀ ਨੂੰ ਸੰਬੋਧਨ ਦੌਰਾਨ ਕੰਢੀ ਖੇਤਰ ਦੇ ਵਿਕਾਸ ’ਤੇ ਜ਼ੋਰ ਦਿੰਦਿਆਂ ਬਾਦਲ ਨੇ ਕਿਹਾ ਕਿ ਇਹ ਇਲਾਕਾ ਪੰਜਾਬ ਦੇ ਹੋਰ ਹਿੱਸਿਆਂ ਨਾਲੋਂ ਬਿਲਕੁਲ ਵੱਖਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਖੇਤੀ ਲਈ ਡੀਪ ਟਿਊਬਵੈੱਲ ਦੀ ਲੋੜ ਹੁੰਦੀ ਹੈ ਅਤੇ ਪਾਣੀ ਦੀ ਕਮੀ ਕਾਰਨ ਅੰਡਰਗ੍ਰਾਊਂਡ ਪਾਈਪ ਸਿਸਟਮ ਰਾਹੀਂ ਖੇਤੀ ਕਰਨੀ ਪੈਂਦੀ ਹੈ। ਇਸ ਲਈ ਇਸ ਖੇਤਰ ਲਈ ਖਾਸ ਯੋਜਨਾਵਾਂ ਦੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਕੰਢੀ ਏਰੀਏ ਲਈ ਵੱਖਰੀ ਡਿਵੈਲਪਮੈਂਟ ਮਿਨਿਸਟਰੀ ਬਣਾਈ ਜਾਵੇਗੀ, ਖੇਤਰ ਲਈ ਖਾਸ ਫੰਡ ਐਲੋਕੇਸ਼ਨ ਕੀਤਾ ਜਾਵੇਗਾ ਅਤੇ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਕੰਢੀ ਖੇਤਰ ਦੇ ਨਾਲ-ਨਾਲ ਸਿਕਸ-ਲੇਨ ਐਕਸਪ੍ਰੈੱਸਵੇਅ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਅਤੇ ਇੱਕ ਵੈਟਰਨਰੀ ਕਾਲਜ ਖੋਲ੍ਹਿਆ ਜਾਵੇਗਾ ਤਾਂ ਜੋ ਸਿਹਤ ਅਤੇ ਪਸ਼ੂਪਾਲਨ ਖੇਤਰ ਨੂੰ ਮਜ਼ਬੂਤੀ ਮਿਲੇ।
ਇਸ ਮੌਕੇ ਰੈਲੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਮੈਂਬਰ ਰਾਜ ਸਭਾ ਵਰਿੰਦਰ ਸਿੰਘ ਬਾਜਵਾ, ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੋਹਣ ਸਿੰਘ ਠੰਡਲ ਕੌਮੀ ਸਕੱਤਰ, ਨਿਰਮਲ ਸਿੰਘ ਭੀਲੋਵਾਲ, ਇਕਬਾਲ ਸਿੰਘ ਖੇੜਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੰਜੀਵ ਤਲਵਾੜ, ਸਤਪਾਲ ਸਿੰਘ ਸਸੋਲੀ ਸਤਨਾਮ ਸਿੰਘ ਬੰਟੀ ਚੱਗਰਾਂ, ਸੁਰਿੰਦਰਪਾਲ ਸਿੰਘ ਸੰਧੂ, ਸਤਪਾਲ ਸਿੰਘ ਸਸੋਲੀ, ਰਵਿੰਦਰ ਸਿੰਘ ਠੰਡਲ, ਹਰਜਾਪ ਸਿੰਘ ਮੱਖਣ, ਸੁਖਵਿੰਦਰ ਸਿੰਘ ਸੱਤਾ, ਪਰਮਜੀਤ ਸਿੰਘ ਭੀਲੋਵਾਲ, ਰਣਜੋਤ ਸਿੰਘ ਸੀਣਾਂ, ਜਗਤਾਰ ਸਿੰਘ ਜਹਾਨ ਖੇਲਾਂ, ਇਕਬਾਲ ਸਿੰਘ ਗੋਪੀ, ਕੁਲਦੀਪ ਸਿੰਘ ਬੱਬੂ, ਓਕਾਰ ਸਿੰਘ ਬਿਹਾਲਾ, ਦੇਸ ਰਾਜ ਸਿੰਘ ਧੁੱਗਾ, ਪਰਮਜੀਤ ਸਿੰਘ ਰੱਕੜ, ਰਣਧੀਰ ਸਿੰਘ ਭਾਰਜ, ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।