ਮਾਈਨਿੰਗ ਮਾਮਲੇ ਨੂੰ ਲੈ ਕੇ ਹੰਗਾਮਾ; ਹੁਸ਼ਿਆਰਪੁਰ-ਚੰਡੀਗੜ੍ਹ ਰੋਡ ’ਤੇ 4 ਘੰਟੇ ਜਾਮ
ਚੱਬੇਵਾਲ 'ਚ ਮਾਈਨਿੰਗ ਮਾਮਲੇ ਨੂੰ ਲੈ ਕੇ ਹੰਗਾਮਾ; ਪਿੰਡ ਪੁੰਜ ਦੇ ਨਿਵਾਸੀਆਂ ਨੇ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਲਾਇਆ 4 ਘੰਟੇ ਜਾਮ
Publish Date: Thu, 02 Apr 2026 06:54 PM (IST)
Updated Date: Fri, 03 Apr 2026 04:14 AM (IST)

ਐੱਫਆਈਆਰ ਰੱਦ ਕਰਨ ਦੀ ਮੰਗ, ਪੁਲਿਸ ’ਤੇ ਕੁੱਟਮਾਰ ਕਰਨ ਦੇ ਦੋਸ਼ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਾਈਨਿੰਗ ਤੇ ਮਿਨਰਲ ਐਕਟ ਤਹਿਤ ਦਰਜ ਕੀਤੇ ਗਏ ਇੱਕ ਮੁਕੱਦਮੇ ਤੇ ਪੁਲਿਸ ਵੱਲੋਂ ਕਥਿਤ ਕੁੱਟਮਾਰ ਦੇ ਵਿਰੋਧ ’ਚ ਵੀਰਵਾਰ ਨੂੰ ਪਿੰਡ ਪੁੰਜ ਦੇ ਨਿਵਾਸੀਆਂ ਨੇ ਬੀਰਬਲ ਦੀ ਅਗਵਾਈ ’ਚ ਚੱਬੇਵਾਲ ਦੇ ਮੁੱਖ ਚੌਕ ’ਚ ਧਰਨਾ ਦੇ ਕੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਇਹ ਰੋਸ ਪ੍ਰਦਰਸ਼ਨ ਕਰੀਬ 4 ਘੰਟੇ ਜਾਰੀ ਰਿਹਾ, ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੀ ਹੈ ਪੂਰਾ ਮਾਮਲਾ? ਜਾਣਕਾਰੀ ਅਨੁਸਾਰ ਚੱਬੇਵਾਲ ਪੁਲਿਸ ਨੇ ਜੇਈ ਅਮਨਿੰਦਰ ਸਿੰਘ (ਮਾਈਨਿੰਗ ਅਫ਼ਸਰ, ਇੰਚਾਰਜ ਨਸਰਾਲਾ ਚੋਅ) ਦੇ ਬਿਆਨਾਂ ’ਤੇ ਰਾਜੀਵ ਕੁਮਾਰ ਤੇ ਸੰਜੀਵ ਕੁਮਾਰ ਉਰਫ਼ ਬਾਬਾ, ਦੋਵੇਂ ਵਾਸੀ ਪਿੰਡ ਪੁੰਜ ਤੇ ਮਨੀ ਵਾਸੀ ਬਾਲੀਮਾ ਵਿਰੁੱਧ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਬੁੱਧਵਾਰ ਨੂੰ ਐੱਫਆਈਆਰ ਨੰਬਰ 40 ਮਾਈਨਿੰਗ ਤੇ ਮਿਨਰਲ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤੀ ਸੀ। ਪੁਲਿਸ ਨੇ ਇਸ ਮੌਕੇ ਦੋ ਟਰੈਕਟਰ-ਟਰਾਲੀਆਂ ਵੀ ਬਰਾਮਦ ਕੀਤੀਆਂ ਸਨ। ਪੁਲਿਸ ਵੱਲੋਂ ਰਾਜੀਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਬਾਕਸ-- ਪ੍ਰਦਰਸ਼ਨਕਾਰੀਆਂ ਦੇ ਦੋਸ਼ ਧਰਨਾਕਾਰੀ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਗ੍ਰਿਫਤਾਰ ਕੀਤੇ ਗਏ ਰਾਜੀਵ ਕੁਮਾਰ ਦੀ ਪੁਲਿਸ ਹਿਰਾਸਤ ’ਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਦੀ ਮੁੱਖ ਮੰਗ ਸੀ ਕਿ ਦਰਜ ਕੀਤੀ ਗਈ ਐੱਫਆਈਆਰ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਰਾਜੀਵ ਕੁਮਾਰ ’ਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਬਾਕਸ-- ਟ੍ਰੈਫਿਕ ਡਾਇਵਰਟ ਅਤੇ ਜਨਤਕ ਪਰੇਸ਼ਾਨੀ ਧਰਨੇ ਤੇ ਆਵਾਜਾਈ ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਟ੍ਰੈਫਿਕ ਨੂੰ ਪਿੰਡ ਮਹਿਣਾ-ਬੱਸੀ ਕੱਲਾਂ-ਜੀਆਨ ਰਸਤੇ ਰਾਹੀਂ ਮੋੜਿਆ ਗਿਆ। ਇਸ ਦੇ ਬਾਵਜੂਦ ਵੀ ਕਈ ਘੰਟੇ ਯਾਤਰੀ ਖੱਜਲ-ਖੁਆਰ ਹੁੰਦੇ ਰਹੇ। ਮੌਕੇ ’ਤੇ ਪਹੁੰਚੇ ਉਪ ਕਪਤਾਨ ਪੁਲਿਸ ਜਾਗੀਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਗੁੱਸੇ ਵਿੱਚ ਆਏ ਲੋਕ ਟੱਸ ਤੋਂ ਮੱਸ ਨਾ ਹੋਏ। ਬਾਕਸ-- ਐੱਸਪੀ ਦੇ ਭਰੋਸੇ ’ਤੇ ਖਤਮ ਹੋਇਆ ਧਰਨਾ ਅਖੀਰ ’ਚ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਹੁਸ਼ਿਆਰਪੁਰ, ਮਨਪ੍ਰੀਤ ਸ਼ਿੰਹਮਾਰ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਮਨਪ੍ਰੀਤ ਸ਼ੀਂਹਮਾਰ ਦੇ ਭਰੋਸੇ ਤੋਂ ਬਾਅਦ ਕਰੀਬ ਦੁਪਿਹਰ 3 ਵਜੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕ ਲਿਆ, ਜਿਸ ਤੋਂ ਬਾਅਦ ਟ੍ਰੈਫਿਕ ਵਿਵਸਥਾ ਮੁੜ ਬਹਾਲ ਹੋ ਸਕੀ।