ਨਾਜਾਇਜ਼ ਮਾਈਨਿੰਗ ਮਾਮਲਾ: ਚੱਬੇਵਾਲ ਪੁਲਿਸ ਵੱਲੋਂ ਇੱਕ ਗ੍ਰਿਫਤਾਰ, 2 ਫਰਾਰ
ਨਜਾਇਜ਼ ਮਾਈਨਿੰਗ ਮਾਮਲਾ: ਚੱਬੇਵਾਲ ਪੁਲਿਸ ਵੱਲੋਂ ਇੱਕ ਗ੍ਰਿਫਤਾਰ, ਦੋ ਫਰਾਰ; ਦੋ ਟਰੈਕਟਰ-ਟਰਾਲੀਆਂ ਬਰਾਮਦ
Publish Date: Thu, 02 Apr 2026 06:44 PM (IST)
Updated Date: Fri, 03 Apr 2026 04:14 AM (IST)

ਦੋ ਟਰੈਕਟਰ-ਟਰਾਲੀਆਂ ਬਰਾਮਦ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਚੱਬੇਵਾਲ ਦੀ ਪੁਲਿਸ ਵੱਲੋਂ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਦੋ ਹੋਰ ਦੋਸ਼ੀ ਅਜੇ ਵੀ ਫਰਾਰ ਹਨ। ਪੁਲਿਸ ਨੇ ਮੌਕੇ ਤੋਂ ਦੋ ਟਰੈਕਟਰ-ਟਰਾਲੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਮੁਤਾਬਕ ਜੇਈ ਅਮਨਿੰਦਰ ਸਿੰਘ, ਕਮ ਮਾਈਨਿੰਗ ਅਫਸਰ ਇੰਚਾਰਜ ਦੇ ਬਿਆਨ ਦੇ ਆਧਾਰ ‘ਤੇ ਨਸਰਾਲਾ ਚੋਅ ਵਿੱਚ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਮਾਈਨਿੰਗ ਸਬੰਧੀ ਕੋਈ ਵੈਧ ਪਰਮਿਟ ਜਾਂ ਲਾਇਸੈਂਸ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ। ਇਸ ਮਾਮਲੇ ’ਚ ਰਾਜੀਵ ਕੁਮਾਰ ਪੁੱਤਰ ਸੁਖਦੇਵ ਚੰਦ ਵਾਸੀ ਪੁੰਜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਮਨੀ ਵਾਸੀ ਬਾਲੀਮਾ ਅਤੇ ਸੰਜੀਵ ਕੁਮਾਰ ਉਰਫ ਬਾਬਾ ਵਾਸੀ ਪੁੰਜਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਿਸ ਨੇ ਕਿਹਾ ਕਿ ਕਾਰਵਾਈ ਦੌਰਾਨ ਮੌਕੇ ਤੋਂ ਨਾਜਾਇਜ਼ ਮਾਈਨਿੰਗ ’ਚ ਵਰਤੀਆਂ ਜਾ ਰਹੀਆਂ ਦੋ ਟਰੈਕਟਰ-ਟਰਾਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਮਾਈਨਿੰਗ ਮਿਨਰਲਜ਼ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।