ਪ੍ਰੀਖਿਆਰਥੀ ਉਡੀਕਦੇ ਰਹੇ ਟੈੱਟ ਦਾ ਨਤੀਜਾ, ਵਿਭਾਗ ਨੇ ਖੜ੍ਹੇ ਕੀਤੇ ਹੱਥ
ਪ੍ਰੀਖਿਆਰਥੀ ਉਡੀਕਦੇ ਰਹੇ ਟੈਟ ਦਾ ਨਤੀਜਾ, ਵਿਭਾਗ ਨੇ ਖੜੇ ਕੀਤੇ ਹੱਥ
Publish Date: Thu, 02 Apr 2026 06:32 PM (IST)
Updated Date: Fri, 03 Apr 2026 04:14 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਸਿੱਖਿਆ ਦੇ ਅਧਿਕਾਰ ਕਾਨੂੰਨ 2009 ਅਨੁਸਾਰ ਅਧਿਆਪਕ ਲੱਗਣ ਲਈ ਅਧਿਆਪਕ ਯੋਗਤਾ ਟੈਸਟ ਪਾਸ ਕਰਨਾ ਜ਼ਰੂਰੀ ਕਰਾਰ ਦਿੱਤਾ ਗਿਆ ਸੀ। ਕੁਝ ਸਮਾਂ ਪਹਿਲਾਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਨੌਕਰੀ ਕਰ ਰਹੇ ਸਮੂਹ ਅਧਿਆਪਕਾਂ ਲਈ ਵੀ ਇਹ ਟੈਸਟ ਜ਼ਰੂਰੀ ਕਰਾਰ ਦਿੱਤਾ ਗਿਆ ਸੀ, ਜਿਸ ਕਾਰਨ ਨੌਕਰੀ ਲੈਣ ਵਾਲੇ ਪ੍ਰੀਖਿਆਰਥੀਆਂ ਦੇ ਨਾਲ ਨਾਲ ਵੱਡੀ ਗਿਣਤੀ ’ਚ ਨੌਕਰੀ ਕਰ ਰਹੇ ਅਧਿਆਪਕਾਂ ਵੱਲੋਂ 15 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਪੀਐੱਸ ਟੈੱਟ ਪ੍ਰਤੀਯੋਗਿਤਾ ’ਚ ਹਿੱਸਾ ਲਿਆ ਗਿਆ ਸੀ, ਜਿਸ ਦਾ ਨਤੀਜਾ 2 ਅਪ੍ਰੈਲ ਨੂੰ ਐਲਾਨਿਆ ਜਾਣਾ ਸੀ। ਇਸ ਤੋਂ ਇਲਾਵਾ ਅਧਿਕਾਰਿਤ ਤੌਰ ’ਤੇ ਪੀਐੱਸ ਟੈੱਟ 1 ਤੇ ਪੀਐੱਸ ਟੈੱਟ 2 ਦੀ ਉੱਤਰ ਕੁੰਜੀ 28 ਮਾਰਚ ਨੂੰ ਪ੍ਰਕਾਸ਼ਿਤ ਕੀਤੀ ਜਾਣੀ ਸੀ ਪਰ ਇਹ ਕੁੰਜੀ ਪ੍ਰਕਾਸ਼ਿਤ ਨਹੀਂ ਕੀਤੀ ਗਈ, ਜਿਸ ਕਾਰਨ ਅਧਿਆਪਕ ਆਪਣਾ ਮੂਲਾਂਕਣ ਖੁਦ ਕਰਨ ਤੋਂ ਵੀ ਵਾਂਝੇ ਰਹਿ ਗਏ ਤੇ ਉਨ੍ਹਾਂ ਲਈ ਇਹ ਜਾਨਣਾ ਮੁਸ਼ਕਿਲ ਹੋ ਗਿਆ ਕਿ ਉਹ ਇਸ ਟੈਸਟ ’ਚੋਂ ਪਾਸ ਹੋ ਸਕਣਗੇ ਜਾਂ ਨਹੀਂ। ਬਾਕਸ-- ਟੈੱਟ ਪ੍ਰੀਖਿਆ ਰਾਹੀਂ ਸਰਕਾਰ ਭਰੇਗੀ ਖਜ਼ਾਨਾ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ 15 ਮਾਰਚ ਨੂੰ ਲਏ ਗਏ ਟੈਸਟ ਦੇ ਬਾਈਕਾਟ ਕਰਨ ਦੇ ਸੱਦੇ ਕਾਰਨ ਸਰਕਾਰੀ ਨੌਕਰੀ ਕਰ ਰਹੇ ਕੁਝ ਅਧਿਆਪਕ ਇਹ ਟੈਸਟ ਦੇਣ ਤੋਂ ਵਾਂਝੇ ਰਹਿ ਗਏ ਸਨ, ਜਦਕਿ ਜ਼ਿਆਦਾਤਰ ਅਧਿਆਪਕ ਇਹ ਟੈਸਟ ਦੇ ਚੁੱਕੇ ਹਨ। ਦੱਸਣਯੋਗ ਹੈ ਕਿ ਜ਼ਿਆਦਾਤਰ ਅਧਿਆਪਕਾਂ ਵੱਲੋਂ ਦੋਨੋਂ ਟੈਸਟ ਦਿੱਤੇ ਗਏ ਸਨ ਤੇ ਇੱਕ ਟੈਸਟ ਦੀ ਫੀਸ 1100 ਰੁਪਏ ਹੈ। ਸਰਕਾਰ ਵੱਲੋਂ ਅਗਲਾ ਟੈਸਟ 19 ਅਪ੍ਰੈਲ 2026 ਨੂੰ ਰੱਖਿਆ ਗਿਆ ਹੈ ਤੇ ਇਸ ਦੇ ਅਪਲਾਈ ਕਰਨ ਦੀ ਆਖਰੀ ਮਿਤੀ 6 ਅਪ੍ਰੈਲ 2026 ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ 2 ਅਪ੍ਰੈਲ ਨੂੰ 15 ਮਾਰਚ ਵਾਲੇ ਟੈਸਟ ਦਾ ਨਤੀਜਾ ਐਲਾਨਿਆ ਜਾਂਦਾ ਤਾਂ ਉਨ੍ਹਾਂ ਨੂੰ ਪਤਾ ਲੱਗ ਸਕਦਾ ਸੀ ਕਿ ਉਹ ਟੈਸਟ ’ਚੋਂ ਪਾਸ ਹੋਏ ਹਨ ਜਾਂ ਨਹੀਂ ਤੇ ਅਗਲੇ ਟੈਸਟ ਲਈ ਅਪਲਾਈ ਕਰ ਸਕਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਨਤੀਜਾ ਇਸ ਲਈ ਨਹੀਂ ਐਲਾਨਿਆ ਗਿਆ ਤੇ ਨਾ ਹੀ 6 ਅਪ੍ਰੈਲ ਤੱਕ ਐਲਾਨਿਆ ਜਾਵੇਗਾ ਤਾਂ ਜੋ ਸਾਰੇ ਅਧਿਆਪਕ 2200 ਰੁਪਏ ਲਾ ਕੇ ਦੁਬਾਰਾ ਅਪਲਾਈ ਕਰਨ ਤੇ ਨਤੀਜਾ ਬਾਅਦ ’ਚ ਕੱਢਿਆ ਜਾਵੇ ਤਾਂ ਜੋ ਸਰਕਾਰ ਦੇ ਖਾਲੀ ਪਏ ਖਜ਼ਾਨੇ ਨੂੰ ਕੁਝ ਰਾਹਤ ਮਿਲ ਸਕੇ। ਬਾਕਸ ਜ਼ਿਆਦਾ ਉਮੀਦਵਾਰ ਹੋਣ ਕਾਰਨ ਨਤੀਜਾ ਲੇਟ ਹੋਇਆ ਇਸ ਵਾਰ ਅਧਿਆਪਕ ਯੋਗਤਾ ਟੈਸਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤਾ ਗਿਆ ਸੀ। ਸਾਈਟ ’ਤੇ ਦਿੱਤੇ ਨੰਬਰ 183 2823182 ’ਤੇ ਸੰਪਰਕ ਕੀਤਾ ਗਿਆ ਉੱਥੇ ਮੌਜੂਦ ਅਧਿਕਾਰੀ ਨੇ ਕਿਹਾ ਕਿ ਨਤੀਜਾ ਅੱਜ ਨਹੀਂ ਐਲਾਨਿਆ ਜਾਵੇਗਾ। ਇਸ ਨੂੰ ਕੁਝ ਦਿਨ ਲੱਗ ਜਾਣਗੇ। ਦਿਨਾਂ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਕੋਈ ਅੰਦਾਜ਼ਾ ਨਹੀਂ ਹੈ। ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਨਤੀਜੇ ’ਚ ਦੇਰੀ ਹੋਈ ਹੈ। ਜ਼ਿਕਰਯੋਗ ਹੈ ਕਿ ਟੈੱਟ ਦਾ ਪੇਪਰ ਓਐੱਮਆਰ ਸ਼ੀਟਾਂ ’ਤੇ ਲਿਆ ਜਾਂਦਾ ਹੈ ਜੋ ਕਿ ਕੰਪਿਊਟਰ ਰਾਹੀਂ ਚੈੱਕ ਕੀਤੇ ਜਾਂਦੇ ਹਨ, ਜਿਸ ਦਾ ਉਮੀਦਵਾਰਾਂ ਦੀ ਗਿਣਤੀ ਨਾਲ ਜ਼ਿਆਦਾ ਸਰੋਕਾਰ ਨਹੀਂ ਹੁੰਦਾ। ਸਮੂਹ ਅਧਿਆਪਕਾਂ ਦੀ ਮੰਗ ਹੈ ਕਿ ਇਹ ਨਤੀਜਾ 6 ਅਪ੍ਰੈਲ ਤੋਂ ਪਹਿਲਾਂ ਐਲਾਨਿਆ ਜਾਵੇ ਤਾਂ ਜੋ ਉਨਾਂ ਨੂੰ ਪਤਾ ਲੱਗ ਸਕੇ ਕਿ ਉਹ ਟੈਸਟ ’ਚੋਂ ਪਾਸ ਹੋਏ ਹਨ ਜਾਂ ਨਹੀਂ ਤੇ 19 ਅਪ੍ਰੈਲ ਨੂੰ ਹੋਣ ਵਾਲੇ ਟੈਸਟ ’ਚ ਅਪਲਾਈ ਕਰ ਸਕਣ।