ਐਂਟਰੀ ਟੈਕਸ ਖ਼ਿਲਾਫ਼ ਕੋਕੋਵਾਲ ਬੈਰੀਅਰ ’ਤੇ ਪੰਜ ਘੰਟਿਆਂ ਲਈ ਟ੍ਰੈਫਿਕ ਜਾਮ
ਸਰਕਾਰ ਵੱਲੋਂ ਲਗਾਏ ਐਂਟਰੀ ਟੈਕਸ ਦੇ ਖ਼ਿਲਾਫ਼ ਕੋਕੋਵਾਲ ਬੈਰੀਅਰ ‘ਤੇ ਵੱਖ-ਵੱਖ ਸੰਗਠਨਾਂ ਵੱਲੋਂ ਪੰਜ ਘੰਟਿਆਂ ਲਈ ਟ੍ਰੈਫਿਕ ਜਾਮ
Publish Date: Wed, 01 Apr 2026 06:45 PM (IST)
Updated Date: Thu, 02 Apr 2026 04:08 AM (IST)
- ਪੰਜਾਬ ਅਤੇ ਹਿਮਾਚਲ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮੰਗਾਂ ਦਾ ਹੱਲ ਕਰਨ ਦਾ ਦਿੱਤਾ ਭਰੋਸਾ
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ
ਬੀਣੇਵਾਲ ਬੀਤ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬ ਦੀਆਂ ਸਰਹੱਦਾਂ ‘ਤੇ ਲਗਾਏ ਗਏ ਐਂਟਰੀ ਟੈਕਸ ਦੇ ਵਿਰੋਧ ਵਿੱਚ ਅੱਜ ਕੋਕੋਵਾਲ ਮਜਾਰੀ ਨੇੜੇ ਹਿਮਾਚਲ ਸੀਮਾ ‘ਤੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਬੀਤ ਅਤੇ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਪੰਜ ਘੰਟਿਆਂ ਲਈ ਟ੍ਰੈਫਿਕ ਜਾਮ ਰੱਖ ਕੇ ਸਰਕਾਰ ਦੇ ਫੈਸਲੇ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ, ਜਿਸ ਕਾਰਨ ਦੋਨੋਂ ਰਾਜਾਂ ਦਰਮਿਆਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ।
ਇਸ ਦੌਰਾਨ ਗੜ੍ਹਸ਼ੰਕਰ ਦੇ ਐਸਡੀਐਮ ਸੰਜੀਵ ਗੌੜ, ਡੀਐਸਪੀ ਦਲਜੀਤ ਸਿੰਘ ਖੱਖ, ਹਿਮਾਚਲ ਦੇ ਹਰੋਲੀ ਦੇ ਐਸਡੀਐਮ ਵਿਸ਼ਾਲ ਸ਼ਰਮਾ ਅਤੇ ਡੀਐਸਪੀ ਮੋਹਨ ਲਾਲ ਰਾਵਤ ਮੌਕੇ ‘ਤੇ ਪਹੁੰਚੇ। ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਰੋਸਾ ਦਿੱਤਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਾ ਕੇ ਜਲਦੀ ਹੱਲ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਟ੍ਰੈਫਿਕ ਜਾਮ ਖੋਲ੍ਹ ਦਿੱਤਾ, ਪਰ ਚੇਤਾਵਨੀ ਦਿੱਤੀ ਕਿ ਜੇ ਐਂਟਰੀ ਟੈਕਸ ਪੂਰੀ ਤਰ੍ਹਾਂ ਖਤਮ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਪੂਰਵ ਸਰਪੰਚ ਕੁਲਭੂਸ਼ਣ ਕੁਮਾਰ, ਅਜਾਇਬ ਸਿੰਘ ਬੋਪਾਰਾਏ, ਪਵਨ ਸ਼ਰਮਾ, ਗਰੀਬ ਦਾਸ ਬੀਟਣ, ਕਮਲ ਕਟਾਰੀਆ, ਮੋਹਨ ਲਾਲ ਬੀਨੇਵਾਲ ਅਤੇ ਹੋਰ ਆਗੂਆਂ ਨੇ ਕਿਹਾ ਕਿ ਇਹ ਐਂਟਰੀ ਟੈਕਸ ਲੋਕਾਂ ‘ਤੇ ਨਾਜਾਇਜ਼ ਬੋਝ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਜਜ਼ੀਆ ਟੈਕਸ ਵਰਗਾ ਵਸੂਲ ਕਰਕੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਐਂਟਰੀ ਟੈਕਸ ਦੀ ਦਰ ਬਾਰੇ ਵਿਰੋਧਭਾਸ਼ੀ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਆਜ਼ਾਦ ਟੈਕਸੀ ਯੂਨੀਅਨ ਦੇ ਜਨਰਲ ਸਕੱਤਰ ਅਜੈ ਸ਼ਰਮਾ ਨੇ ਕਿਹਾ ਕਿ ਟੈਕਸੀ ਚਾਲਕਾਂ ਤੋਂ ਵੱਖ-ਵੱਖ ਨਾਮਾਂ ‘ਤੇ ਵਸੂਲ ਕੀਤੇ ਜਾ ਰਹੇ ਟੈਕਸ ਉਨ੍ਹਾਂ ਦੀ ਰੋਜ਼ੀ-ਰੋਟੀ ‘ਤੇ ਸਿੱਧਾ ਅਸਰ ਪਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਟੈਕਸੀ ਗੱਡੀਆਂ ‘ਤੇ ਲਗੇ ਸਾਰੇ ਗੈਰ-ਜ਼ਰੂਰੀ ਟੈਕਸ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਬਲਵਿੰਦਰ ਸਿੰਘ, ਕਮਲਜੀਤ ਬਿੱਟੂ, ਦਵਿੰਦਰ ਕੁਮਾਰ, ਨਰੇਸ਼ ਰਾਣਾ ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕਰਦੇ ਹੋਏ ਸਰਕਾਰ ਤੋਂ ਐਂਟਰੀ ਟੈਕਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕੀਤੀ।