ਚਾਰ ਲੇਬਰ ਕੋਡਾਂ ਵਿਰੁੱਧ ਮਨਾਇਆ ਕਾਲਾ ਦਿਨ
ਹੁਸ਼ਿਆਰਪੁਰ ਵਿੱਚ ਟਰੇਡ ਯੂਨੀਅਨਾਂ ਵੱਲੋਂ ਚਾਰ ਲੇਬਰ ਕੋਡਾਂ ਵਿਰੁੱਧ “ਕਾਲਾ ਦਿਨ” ਮਨਾਇਆ
Publish Date: Wed, 01 Apr 2026 04:37 PM (IST)
Updated Date: Thu, 02 Apr 2026 04:02 AM (IST)

-ਸ਼ਹੀਦ ਊਧਮ ਸਿੰਘ ਪਾਰਕ ਤੋਂ ਮਾਰਚ ਕਰਦੇ ਹੋਏ ਅੰਬੇਡਕਰ ਚੌਕ ’ਚ ਕੋਡਾਂ ਦੀਆਂ ਕਾਪੀਆਂ ਸਾੜੀਆਂ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਬੁੱਧਵਾਰ ਨੂੰ ਹੁਸ਼ਿਆਰਪੁਰ ਵਿੱਚ ਚਾਰ ਲੇਬਰ ਕੋਡਾਂ ਵਿਰੁੱਧ “ਕਾਲਾ ਦਿਨ” ਮਨਾਇਆ ਗਿਆ। ਇਸ ਦੌਰਾਨ ਮਜ਼ਦੂਰ ਆਗੂਆਂ ਅਤੇ ਵਰਕਰਾਂ ਨੇ ਸ਼ਹੀਦ ਊਧਮ ਸਿੰਘ ਪਾਰਕ ’ਚ ਇਕੱਠੇ ਹੋ ਕੇ ਰੋਸ ਪ੍ਰਗਟਾਇਆ ਅਤੇ ਮਾਰਚ ਕਰਦੇ ਹੋਏ ਭੀਮ ਰਾਓ ਅੰਬੇਡਕਰ ਚੌਕ ‘ਚ ਲੇਬਰ ਕੋਡਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਸੀਟੂ ਦੇ ਆਗੂ ਮਹਿੰਦਰ ਕੁਮਾਰ ਬੱਡੋਆਣ, ਗੁਰਬਖਸ਼ ਕੌਰ ਧਨਪਤ, ਸੀ.ਟੀ.ਯੂ ਦੇ ਆਗੂ ਗੰਗਾ ਪ੍ਰਸ਼ਾਦ, ਫੈਡਰੇਸ਼ਨ ਵੱਲੋਂ ਸ਼ਤੀਸ਼ ਰਾਣਾ ਅਤੇ ਗੁਰਪ੍ਰੀਤ ਸਿੰਘ, ਪੀ.ਸੀ.ਐਮ.ਐਸ.ਆਰ.ਯੂ ਵੱਲੋਂ ਵਿਸ਼ਾਲ ਗੁਪਤਾ ਅਤੇ ਸੰਜੇ ਠਾਕਰ, ਖੇਤ ਮਜ਼ਦੂਰ ਯੂਨੀਅਨ ਵੱਲੋਂ ਕਾਮਰੇਡ ਗੁਰਮੇਸ਼ ਸਿੰਘ ਨੇ ਸੰਬੋਧਨ ਕੀਤਾ। ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਮਜ਼ਦੂਰ ਵਿਰੋਧੀ ਹਨ ਅਤੇ ਮਜ਼ਦੂਰ ਜਮਾਤ ਦੇ ਲੰਬੇ ਸੰਘਰਸ਼ਾਂ ਨਾਲ ਪ੍ਰਾਪਤ ਹੱਕਾਂ ਨੂੰ ਖ਼ਤਮ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਚਾਰੇ ਲੇਬਰ ਕੋਡ ਤੁਰੰਤ ਰੱਦ ਕਰਕੇ ਪੁਰਾਣੇ ਕਾਨੂੰਨ ਬਹਾਲ ਕੀਤੇ ਜਾਣ। ਉਨ੍ਹਾਂ ਨੇ ਘੱਟੋ-ਘੱਟ ਮਜ਼ਦੂਰੀ 26,000 ਰੁਪਏ ਮਹੀਨਾ ਅਤੇ ਪੈਨਸ਼ਨ 10,000 ਰੁਪਏ ਮਹੀਨਾ ਕਰਨ ਦੀ ਮੰਗ ਵੀ ਰੱਖੀ। ਇਸ ਤੋਂ ਇਲਾਵਾ, ਮਨਰੇਗਾ ਨੂੰ ਬਹਾਲ ਕਰਨ, ਬਿਜਲੀ ਬਿੱਲ 2025 ਵਾਪਸ ਲੈਣ, 12 ਘੰਟਿਆਂ ਦੀ ਡਿਊਟੀ ਖਤਮ ਕਰਕੇ 8 ਘੰਟਿਆਂ ਦੀ ਡਿਊਟੀ ਮੁੜ ਲਾਗੂ ਕਰਨ ਅਤੇ ਅਮਰੀਕਾ ਨਾਲ ਵਪਾਰ ਸਮਝੌਤਾ ਰੱਦ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਨੇ ਇਹ ਮੰਗਾਂ ਨਹੀਂ ਮੰਨੀਆਂ ਤਾਂ ਮਜ਼ਦੂਰ ਅਤੇ ਕਿਸਾਨ ਇਕੱਠੇ ਹੋ ਕੇ ਦੇਸ਼ ਭਰ ਵਿੱਚ ਤਿੱਖੇ ਸੰਘਰਸ਼ ਕਰਨਗੇ। ਇਸ ਮੌਕੇ ਨੀਲਮ ਬੱਡੋਆਣ, ਪਾਲੋ, ਸੁੰਨੀ, ਬਦਰੀ ਨਾਥ, ਰਾਮ ਨਿਵਾਸ ਅਤੇ ਸੁਖਵੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਸ਼ਤੀਸ਼ ਰਾਣਾ ਨੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ।