ਸੰਤ ਬਾਬਾ ਮੁਨਸ਼ਾ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ
ਪਿੰਡ ਮਿਰਜਾਪੁਰ ਜੰਡੇ ‘ਚ ਸੰਤ ਬਾਬਾ ਮੁਨਸ਼ਾ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ
Publish Date: Thu, 26 Mar 2026 06:17 PM (IST)
Updated Date: Fri, 27 Mar 2026 04:08 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਹੀਦ ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਇੱਕ ਇਤਿਹਾਸਕ ਸਮਾਗਮ ਪਿੰਡ ਮਿਰਜਾਪੁਰ ਜੰਡੇ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਮੁਨਸ਼ਾ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਜ਼ਿਲ੍ਹਾ ਖੋਜ ਅਧਿਕਾਰੀ ਡਾਕਟਰ ਜਸਵੰਤ ਰਾਏ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਨਗਰ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਲੈਕਚਰਾਰ ਅਵਤਾਰ ਸਿੰਘ ਕੇਸੋਪੁਰ ਅਤੇ ਮਾਸਟਰ ਜਗਮੋਹਨ ਸਿੰਘ ਬਲਾਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਡਾਕਟਰ ਜਸਵੰਤ ਰਾਏ ਨੇ ਆਪਣੇ ਸੰਬੋਧਨ ਦੌਰਾਨ ਡਿਜੀਟਲ ਯੁੱਗ ਵਿੱਚ ਪੁਸਤਕਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਲਾਇਬ੍ਰੇਰੀਆਂ ਸਾਡੀ ਸੱਭਿਆਚਾਰਕ ਚੇਤਨਾ ਦੀ ਅਮੋਲਕ ਧਰੋਹਰ ਹਨ। ਉਨ੍ਹਾਂ ਨਗਰ ਵਾਸੀਆਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਅਤੇ ਆਪਣੇ ਨਿੱਜੀ ਪੁਸਤਕ ਸੰਗ੍ਰਹਿ ਵਿੱਚੋਂ ਲਗਭਗ 300 ਉੱਚ ਪੱਧਰੀ ਪੁਸਤਕਾਂ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ। ਇਸ ਮੌਕੇ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਅਤੇ ਲੈਕਚਰਾਰ ਅਵਤਾਰ ਸਿੰਘ ਕੇਸੋਪੁਰ ਨੇ ਗੁਰਬਾਣੀ ਅਤੇ ਇਤਿਹਾਸਕ ਹਵਾਲਿਆਂ ਰਾਹੀਂ ਸ਼ਬਦ ਅਤੇ ਗਿਆਨ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗਿਆਨ ਦਾ ਪ੍ਰਸਾਰ ਹੀ ਅਜੋਕੇ ਸਮੇਂ ਦੀ ਸੱਚੀ ਅਗਵਾਈ ਹੈ ਤੇ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਸਮਾਜ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ। ਸਮਾਗਮ ਦੌਰਾਨ ਬੀਬਾ ਗੁਰਜੀਤ ਕੌਰ ਵੱਲੋਂ ਬਾਲ ਸਾਹਿਤ ਦੀਆਂ 101 ਕਿਤਾਬਾਂ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ ਗਈਆਂ, ਜਿਸ ਦੀ ਸਭ ਵੱਲੋਂ ਪ੍ਰਸ਼ੰਸਾ ਕੀਤੀ ਗਈ। ਇਸ ਤੋਂ ਇਲਾਵਾ ਸਰਪੰਚ ਨੀਰਜ ਕੁਮਾਰ, ਹਰਪਿੰਦਰ ਸਿੰਘ (ਪੰਚ), ਗੁਰਦਿਆਲ ਸਿੰਘ ਜੰਡੇ, ਬਲਦੀਪ ਸਿੰਘ (ਸਾਬਕਾ ਸਰਪੰਚ), ਜਤਿੰਦਰ ਸਿੰਘ ਖੱਖ, ਸੁਖਵਿੰਦਰ ਸਿੰਘ ਜੰਡੇ, ਜੋਗਿੰਦਰ ਪਾਲ ਅਤੇ ਦਲਜੀਤ ਸਿੰਘ ਸਮੇਤ ਕਈ ਪਤਵੰਤੇ ਵਿਅਕਤੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਰਹੇ। ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਹਰਪਾਲ ਸਿੰਘ ਨੇ ਨਿਭਾਈ। ਸਮਾਗਮ ਦੇ ਅੰਤ ’ਚ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਹਰਪਿੰਦਰ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।