ਪੱਛਮੀ ਏਸ਼ੀਆ ਦੇ ਤਣਾਅ ਦਾ ਅਸਰ ; ਪੈਟਰੋਲ-ਡੀਜ਼ਲ ਲਈ ਮਾਰਾਮਾਰੀ
ਪੱਛਮੀ ਏਸ਼ੀਆ ਦੇ ਤਣਾਅ ਦਾ ਅਸਰ: ਹੁਸ਼ਿਆਰਪੁਰ ਵਿੱਚ ਪੈਟਰੋਲ-ਡੀਜ਼ਲ ਲਈ ਮਾਰਾਮਾਰੀ
Publish Date: Thu, 26 Mar 2026 05:57 PM (IST)
Updated Date: Fri, 27 Mar 2026 04:06 AM (IST)

ਪ੍ਰਸ਼ਾਸਨ ਨੇ ਕਿਹਾ- ਅਫ਼ਵਾਹਾਂ ਤੋਂ ਬਚੋ, ਸਟਾਕ ਦੀ ਕੋਈ ਕਮੀ ਨਹੀਂ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੱਛਮੀ ਏਸ਼ੀਆ ’ਚ ਇਰਾਨ–ਇਜ਼ਰਾਈਲ ਤੇ ਅਮਰੀਕਾ ਦਰਮਿਆਨ ਵਧ ਰਹੇ ਜੰਗੀ ਤਣਾਅ ਦਾ ਅਸਰ ਹੁਣ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਾਂਗ ਹੁਸ਼ਿਆਰਪੁਰ ਵਿੱਚ ਵੀ ਸਾਫ਼ ਤੌਰ ’ਤੇ ਦਿਖਾਈ ਦੇਣ ਲੱਗਾ ਹੈ। ਈਂਧਣ ਦੀ ਸੰਭਾਵਿਤ ਕਮੀ ਦੇ ਡਰ ਨੇ ਲੋਕਾਂ ’ਚ ਘਬਰਾਹਟ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਸ਼ਹਿਰ ਦੇ ਕਈ ਪੈਟਰੋਲ ਪੰਪਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇ ਦ੍ਰਿਸ਼ ਆਮ ਹੋ ਗਏ ਹਨ। ਬਾਕਸ-- ਅਚਾਨਕ ਵਧੀ ਮੰਗ ਨਾਲ ਬਣੀ ਪੈਨਿਕ ਸਥਿਤੀ ਬੀਤੀ ਸ਼ਾਮ ਤੋਂ ਹੀ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ ’ਤੇ ਲੋਕਾਂ ਦੀ ਭੀੜ ਅਚਾਨਕ ਵਧ ਗਈ। ਕਈ ਥਾਵਾਂ ’ਤੇ ਦੋਪਹੀਆ ਅਤੇ ਚਾਰਪਹੀਆ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਦੇਖੀਆਂ ਗਈਆਂ। ਲੋਕਾਂ ’ਚ ਇਹ ਦਹਿਸ਼ਤ ਵੇਖਣ ਨੂੰ ਮਿਲੀ ਕਿ ਜੰਗੀ ਹਾਲਾਤਾਂ ਕਾਰਨ ਕਿਤੇ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਪ੍ਰਭਾਵਿਤ ਨਾ ਹੋ ਜਾਵੇ। ਇਸ ਡਰ ਦੇ ਚੱਲਦੇ ਲੋਕ ਰੋਜ਼ਾਨਾ ਦੀ ਲੋੜ ਤੋਂ ਕਈ ਗੁਣਾ ਵੱਧ ਈਂਧਣ ਭਰਵਾ ਰਹੇ ਹਨ, ਜਿਸ ਕਾਰਨ ਜਿੱਥੇ ਆਮ ਤੌਰ ’ਤੇ ਸਾਧਾਰਨ ਦਿਨਾਂ ’ਚ ਸੁਚੱਜੀ ਸਪਲਾਈ ਰਹਿੰਦੀ ਸੀ, ਉੱਥੇ ਅਚਾਨਕ ਵਧੀ ਮੰਗ ਨੇ ਕੁਝ ਥਾਵਾਂ ’ਤੇ ਦਬਾਅ ਪੈਦਾ ਕਰ ਦਿੱਤਾ। ਬਾਕਸ-- ਚਾਰ ਦਿਨਾਂ ਦੀ ਵਿਕਰੀ ਇੱਕ ਦਿਨ ’ਚ : ਪੰਪ ਮਾਲਕ ਬੱਸ ਸਟੈਂਡ ਨੇੜੇ ਸਥਿਤ ਪੈਟਰੋਲ ਪੰਪ ਦੇ ਮਾਲਕ ਸੁਖਪਾਲ ਸਿੰਘ ਨੇ ਦੱਸਿਆ ਕਿ ਮੌਜੂਦਾ ਸਥਿਤੀ ਪੂਰੀ ਤਰ੍ਹਾਂ ਪੈਨਿਕ ਬਾਇੰਗ (ਖਰੀਦ) ਦਾ ਨਤੀਜਾ ਹੈ। ਉਨ੍ਹਾਂ ਉਦਾਹਰਣ ਦੇ ਕੇ ਕਿਹਾ ਕਿ ਆਮ ਤੌਰ ’ਤੇ ਇੱਕ ਪੰਪ ਦੀ ਦਿਨੀਂ ਖਪਤ ਕਰੀਬ 1500 ਲੀਟਰ ਹੁੰਦੀ ਹੈ ਪਰ ਪਿਛਲੇ ਕੁਝ ਘੰਟਿਆਂ ’ਚ ਹੀ ਕਈ ਦਿਨਾਂ ਜਿੰਨਾ ਤੇਲ ਵਿਕ ਗਿਆ। ਉਨ੍ਹਾਂ ਸਮਝਾਇਆ ਕਿ ਜਿਹੜੀ ਵਿਕਰੀ 4 ਦਿਨਾਂ ’ਚ ਹੋਣੀ ਸੀ, ਉਹ ਇੱਕ ਦਿਨ ਵਿੱਚ ਹੋਣ ਕਾਰਨ ਕੁਝ ਪੰਪਾਂ ’ਤੇ ਅਸਥਾਈ ਤੌਰ ’ਤੇ ਸਪਲਾਈ ਪ੍ਰਭਾਵਿਤ ਹੋਈ। ਇਸ ਦੇ ਨਾਲ ਹੀ ਪੇਮੈਂਟ ਸਿਸਟਮ ’ਚ ਤਬਦੀਲੀਆਂ ਤੇ ਨਵੇਂ ਇੰਡੈਂਟ ਲੱਗਣ ’ਚ ਹੋਈ ਦੇਰੀ ਕਾਰਨ ਕੁਝ ਥਾਵਾਂ ’ਤੇ ਤੇਲ ਦੀ ਆਮਦ ’ਚ ਵੀ ਥੋੜ੍ਹੀ ਦੇਰੀ ਹੋਈ, ਜਿਸ ਨਾਲ ਲੋਕਾਂ ਨੂੰ ਗਲਤਫਹਿਮੀ ਹੋਈ ਕਿ ਪੰਪ ਸੁੱਕ ਰਹੇ ਹਨ। ਬਾਕਸ-- ਸਟਾਕ ਮੌਜੂਦ, ਸਪਲਾਈ ਲਗਾਤਾਰ ਜਾਰੀ ਸੁਖਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪੰਪ ’ਤੇ ਇਸ ਸਮੇਂ ਵੀ ਪੈਟਰੋਲ ਅਤੇ ਡੀਜ਼ਲ ਦਾ ਪ੍ਰਚੂਰ ਸਟਾਕ ਮੌਜੂਦ ਹੈ ਤੇ ਨਵੇਂ ਟੈਂਕਰ ਲਗਾਤਾਰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਸਲੀ ਘਾਟ ਨਹੀਂ ਹੈ ਤੇ ਸਥਿਤੀ ਜਲਦ ਹੀ ਪੂਰੀ ਤਰ੍ਹਾਂ ਸਾਧਾਰਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਲੋਕ ਆਪਣੀ ਜ਼ਰੂਰਤ ਤੋਂ ਕਈ ਗੁਣਾ ਵੱਧ ਈਂਧਣ ਭਰਵਾ ਰਹੇ ਹਨ, ਜਿਸ ਨਾਲ ਮੰਗ ਅਚਾਨਕ ਵਧ ਗਈ ਹੈ। ਬਾਕਸ-- ਸਟੋਰੇਜ ’ਤੇ ਰੋਕ, ਨਿਯਮਾਂ ਦੀ ਪਾਲਣਾ ਪੰਪ ਮਾਲਕਾਂ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਪੈਟਰੋਲ ਨੂੰ ਕੈਨ ਜਾਂ ਹੋਰ ਬਰਤਨਾਂ ’ਚ ਭਰਵਾ ਕੇ ਸਟੋਰ ਨਾ ਕਰੇ। ਇਸਦੇ ਨਾਲ ਹੀ ਡੀਜ਼ਲ ਨੂੰ ਜਰੂਰੀ ਵਰਤੋਂ, ਜਿਵੇਂ ਜਨਰੇਟਰਾਂ ਜਾਂ ਖੇਤੀਬਾੜੀ ਦੇ ਉਪਕਰਣਾਂ ਲਈ ਨਿਯਮਾਂ ਅਨੁਸਾਰ ਦਿੱਤਾ ਜਾ ਰਿਹਾ ਹੈ। ਬਾਕਸ- ਐੱਲਪੀਜੀ ਸਪਲਾਈ ‘ਤੇ ਵੀ ਅਸਰ ਪਰ ਘਰੇਲੂ ਸਪਲਾਈ ਸਥਿਰ ਇਸ ਦੇ ਨਾਲ ਹੀ ਜੰਗੀ ਤਣਾਅ ਕਾਰਨ ਐੱਲਪੀਜੀ ਸਿਲੰਡਰ ਦੀ ਸਪਲਾਈ ’ਤੇ ਵੀ ਕੁਝ ਅਸਰ ਪਿਆ ਹੈ। ਗੈਸ ਏਜੰਸੀਆਂ ਵੱਲੋਂ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ ਸਮੇਂ ਵਿੱਚ ਕੁਝ ਵਾਧਾ ਕੀਤਾ ਗਿਆ ਹੈ ਪਰ ਘਰੇਲੂ ਉਪਭੋਗਤਾਵਾਂ ਲਈ ਸਪਲਾਈ ਜਾਰੀ ਹੈ। ਬਾਕਸ== ਡੀਸੀ ਦੀ ਅਪੀਲ- ਅਫ਼ਵਾਹਾਂ ਤੋਂ ਦੂਰ ਰਹੋ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ ’ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਤੇਲ ਕੰਪਨੀਆਂ (ਬੀਪੀਸੀਐੱਲ, ਐੱਚਪੀਸੀਐੱਲ, ਆਈਓਸੀਐੱਲ) ਨਾਲ 24 ਘੰਟੇ ਤਾਲਮੇਲ ਬਣਾਇਆ ਹੋਇਆ ਹੈ ਤੇ ਜਿੱਥੇ ਵੀ ਘਾਟ ਦੀ ਸੂਚਨਾ ਮਿਲੀ, ਉੱਥੇ ਤੁਰੰਤ ਸਪਲਾਈ ਰੀਫਿਲ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲ ਤੇ ਡੀਜ਼ਲ ਦੀ ਸਪਲਾਈ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਹੈ ਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਲੋਕਾਂ ਨੂੰ ਸਿਰਫ਼ ਰੋਜ਼ਾਨਾ ਦੀ ਲੋੜ ਅਨੁਸਾਰ ਹੀ ਈਂਧਣ ਖਰੀਦਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਮੰਨਿਆ ਕਿ ਮਿਡਲ ਈਸਟ ਸੰਕਟ ਕਾਰਨ ਵਪਾਰਕ ਐੱਲਪੀਜੀ ਸਿਲੰਡਰ ਦੀ ਸਪਲਾਈ ’ਚ ਕੁਝ ਕਮੀ ਆਈ ਸੀ ਪਰ ਘਰੇਲੂ ਐੱਲਪੀਜੀ ਸਿਲੰਡਰ ਦੀ ਸਪਲਾਈ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਦਯੋਗਿਕ ਕੰਟੀਨਾਂ ਤੇ ਹੋਰ ਅਦਾਰਿਆਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਵਪਾਰਕ ਐੱਲਪੀਜੀ ਸਿਲੰਡਰਾ ਦੀ ਸੀਮਤ ਸਪਲਾਈ ਦਿੱਤੀ ਜਾਵੇਗੀ, ਜਦਕਿ ਮੈਡੀਕਲ ਤੇ ਵਿੱਦਿਅਕ ਸੰਸਥਾਵਾਂ ਨੂੰ ਪਹਿਲ ਦਿੱਤੀ ਜਾਵੇਗੀ। ਬਾਕਸ-- ਜਮ੍ਹਾਂਖੋਰੀ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਪੈਟਰੋਲ, ਡੀਜ਼ਲ ਜਾਂ ਐੱਲਪੀਜੀ ਦੀ ਜਮ੍ਹਾਖੋਰੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਤੇ ਪੈਟਰੋਲ ਪੰਪ ਮਾਲਕਾਂ ਵੱਲੋਂ ਸਾਂਝੀ ਤੌਰ ‘ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਬਰਾਹਟ ’ਚ ਆ ਕੇ ਬੇਵਜ੍ਹਾ ਭੀੜ ਨਾ ਬਣਾਉਣ ਤੇ ਈਂਧਣ ਦੀ ਖਰੀਦਾਰੀ ਸਧਾਰਣ ਢੰਗ ਨਾਲ ਕਰਨ ਤਾਂ ਜੋ ਸਪਲਾਈ ਪ੍ਰਣਾਲੀ ’ਤੇ ਬਿਨਾਂ ਲੋੜ ਦੇ ਦਬਾਅ ਤੋਂ ਬਚਿਆ ਜਾ ਸਕੇ।