ਪੈਨਸ਼ਨਰਜ਼ ਐਸੋਸੀਏਸ਼ਨ ਚੋਣਾਂ ’ਚ 'ਆਪ' ਸਰਕਾਰ ਦਾ ਕਰੇਗੀ ਵਿਰੋਧ
ਪੰਜਾਬ ਸਟੇਟ ਮਿਨੀਸਟੀਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ 2027 ਦੀਆਂ ਚੋਣਾਂ ਵਿੱਚ 'ਆਪ' ਸਰਕਾਰ ਦੇ ਵਿਰੋਧ ਦਾ ਐਲਾਨ
Publish Date: Thu, 26 Mar 2026 04:16 PM (IST)
Updated Date: Fri, 27 Mar 2026 04:02 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਟੇਟ ਮਿਨੀਸਟੀਰੀਅਲ ਪੈਨਸ਼ਨਰਜ਼ ਐਸੋਸੀਏਸ਼ਨ, ਜ਼ਿਲ੍ਹਾ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਰਮਚਾਰੀ ਭਵਨ ਵਿਖੇ ਹੋਈ, ਜਿਸ ਵਿੱਚ ਪੈਨਸ਼ਨਰਾਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ ਗਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ, ਤਾਂ ਐਸੋਸੀਏਸ਼ਨ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦਾ ਡਟਵਾਂ ਵਿਰੋਧ ਕਰੇਗੀ। ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਦੇ ਉਲਟ, ਸਰਕਾਰ ਵੱਲੋਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਐਸੋਸੀਏਸ਼ਨ ਕੇਵਲ ਉਸੇ ਸਿਆਸੀ ਪਾਰਟੀ ਨੂੰ ਖੁੱਲ੍ਹ ਕੇ ਸਮਰਥਨ ਦੇਵੇਗੀ, ਜੋ ਆਪਣੇ ਮੈਨੀਫੈਸਟੋ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਵਾਅਦਾ ਕਰੇਗੀ ਅਤੇ ਉਸ ਨੂੰ ਲਾਗੂ ਕਰੇਗੀ। ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਵਿੱਚ 16 ਫ਼ੀਸਦੀ ਮਹਿੰਗਾਈ ਭੱਤਾ ਤੁਰੰਤ ਜਾਰੀ ਕਰਨਾ, ਬਕਾਇਆ ਰਕਮ ਦੀ ਅਦਾਇਗੀ, 31-12-2015 ਤੱਕ ਪੈਨਸ਼ਨ ਸੋਧ ਮਾਮਲਿਆਂ ਦਾ ਨਿਪਟਾਰਾ, ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਲਾਗੂ ਕਰਨਾ ਸ਼ਾਮਲ ਹਨ। ਇਸ ਤੋਂ ਇਲਾਵਾ ਮੈਡੀਕਲ ਸਹੂਲਤਾਂ ਵਿੱਚ ਸੁਧਾਰ ਅਤੇ ਪੈਨਸ਼ਨਰਾਂ ਨਾਲ ਸਬੰਧਿਤ ਹੋਰ ਮਸਲਿਆਂ ਦਾ ਹੱਲ ਵੀ ਮੰਗਿਆ ਗਿਆ। ਇਸ ਤੋਂ ਇਲਾਵਾ, ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸ. ਤੇਜਿੰਦਰ ਸਿੰਘ ਨੰਗਲ ਨਾਲ ਥਾਣਾ ਜੰਡਿਆਲਾ ਗੁਰੂ ਦੇ ਐੱਸਐੱਚਓ ਤੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਹਾਲ ਹੀ ਦੇ ਵਿੱਖ ਕੀਤੀ ਗਈ ਕਥਿਤ ਬਦਸਲੂਕੀ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਐਸੋਸੀਏਸ਼ਨ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੀਟਿੰਗ ਵਿੱਚ ਵਰਿਆਮ ਸਿੰਘ ਮਿਨਹਾਸ (ਪ੍ਰਧਾਨ), ਜਸਵੀਰ ਸਿੰਘ ਸਾਹੜਾ (ਜਨਰਲ ਸਕੱਤਰ), ਕ੍ਰਿਸ਼ਨ ਪਾਲ, ਪਰਮਜੀਤ ਬੋਧਨ, ਰਾਮ ਸਰੂਪ, ਅਸ਼ਵਨੀ ਕੁਮਾਰ, ਮੋਤੀ ਲਾਲ, ਸਤਨਾਮ ਸਿੰਘ, ਹਰਬੰਸ ਸਿੰਘ, ਸੋਮ ਨਾਥ, ਦਵਿੰਦਰ ਸਿੰਘ, ਰਵੀ ਦੱਤ ਸ਼ਰਮਾ, ਅੱਛਰ ਸਿੰਘ, ਜਗਦੀਸ਼ ਸਿੰਘ, ਨਸੀਬ ਰਾਣਾ, ਕ੍ਰਿਸ਼ਨ ਲਾਲ, ਮੰਗਤ ਰਾਮ, ਲਸ਼ਕਰ ਸਿੰਘ, ਓ.ਪੀ. ਜਰਿਆਲ, ਸੁਰਿੰਦਰ ਸਿੰਘ ਅਤੇ ਮੁਸਤਾਨ ਠਾਕੁਰ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼ਾਮਲ ਹੋਏ।