ਕੁਵੈਤ ਜੇਲ੍ਹ ’ਚ ਕੈਦ ਹਰਮੇਸ਼ ਦੀ ਰਿਹਾਈ ਲਈ ਅਪੀਲ
ਖੁੱਲ੍ਹੀ ਅਦਾਲਤ ‘ਚ ਉੱਠਿਆ ਮਾਮਲਾ: ਕੁਵੈਤ ਜੇਲ੍ਹ ‘ਚ ਕੈਦ ਹਰਮੇਸ਼ ਕੁਮਾਰ ਦੀ ਰਿਹਾਈ ਲਈ ਅਪੀਲ
Publish Date: Sun, 22 Mar 2026 08:07 PM (IST)
Updated Date: Mon, 23 Mar 2026 04:16 AM (IST)

ਖੁੱਲ੍ਹੀ ਅਦਾਲਤ ‘ਚ ਉੱਠਿਆ ਮਾਮਲਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲਗਾਈ ਗਈ ਖੁੱਲ੍ਹੀ ਅਦਾਲਤ ਦੌਰਾਨ ਇੱਕ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ। ਪਿੰਡ ਮੈਲੀ ਦੇ ਬਲਵਿੰਦਰ ਕੁਮਾਰ ਨੇ ਆਪਣੇ ਭਰਾ ਹਰਮੇਸ਼ ਕੁਮਾਰ ਨੂੰ ਕੁਵੈਤ ਦੀ ਜੇਲ੍ਹ ਤੋਂ ਰਿਹਾਅ ਕਰਵਾ ਕੇ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ। ਖੰਨਾ ਦੇ ਦਫ਼ਤਰ ਵਲੋਂ ਜਾਰੀ ਕਿਤੇ ਪ੍ਰੈਸ ਨੋਟ ਅਨੁਸਾਰ ਬਲਵਿੰਦਰ ਕੁਮਾਰ ਨੇ ਖੰਨਾ ਨੂੰ ਅਰਜ਼ੀ ਦੇ ਕੇ ਦੱਸਿਆ ਕਿ ਉਸਦਾ ਭਰਾ ਹਰਮੇਸ਼ ਕੁਮਾਰ ਰੋਜ਼ਗਾਰ ਲਈ ਕੁਵੈਤ ਗਿਆ ਸੀ, ਜਿੱਥੇ ਉਹ ਲਾਲਾ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰ ਰਿਹਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਹਰਮੇਸ਼ ਕੁਮਾਰ ਨੂੰ ਇੱਕ ਝੂਠੇ ਮਾਮਲੇ ’ਚ ਫਸਾ ਕੇ ਕੁਵੈਤ ਦੀ ਸੁਲੇਬੀਆ ਜੇਲ੍ਹ ’ਚ ਕੈਦ ਕਰ ਦਿੱਤਾ ਗਿਆ ਹੈ। ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਮਾਮਲੇ ਨਾਲ ਸਬੰਧਤ ਦਸਤਾਵੇਜ਼ੀ ਕਾਰਵਾਈ ਪੂਰੀ ਕਰ ਕੇ ਇਹ ਮਾਮਲਾ ਕੇਂਦਰੀ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਬਲਵਿੰਦਰ ਕੁਮਾਰ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਤੁਰੰਤ ਕਾਰਵਾਈ ਦੇ ਨਤੀਜੇ ਵਜੋਂ ਹਰਮੇਸ਼ ਕੁਮਾਰ ਦੀ ਸੁਰੱਖਿਅਤ ਵਾਪਸੀ ਦੀ ਪੂਰੀ ਉਮੀਦ ਹੈ। ਇਸ ਮੌਕੇ ਖੁੱਲ੍ਹੀ ਅਦਾਲਤ ’ਚ ਹਾਜ਼ਰ ਹੋਰ ਲੋਕਾਂ ਨੇ ਵੀ ਆਪਣੇ ਪ੍ਰਸ਼ਾਸਕੀ ਮੁੱਦੇ ਉਠਾਏ, ਜਿਨ੍ਹਾਂ ‘ਤੇ ਖੰਨਾ ਨੇ ਭਰੋਸਾ ਦਿੱਤਾ ਕਿ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਹਾਇਤਾ ਨਾਲ ਉਨ੍ਹਾਂ ਦੇ ਮਸਲੇ ਹੱਲ ਕਰਵਾਏ ਜਾਣਗੇ।