125 ਦਿਵਿਆਂਗਜਨਾਂ ਨੂੰ ਮੁਫ਼ਤ ਬਨਾਵਟੀ ਅੰਗ ਤੇ ਸਹਾਇਕ ਉਪਕਰਣ ਵੰਡੇ
ਰੈੱਡ ਕਰਾਸ ਤੇ ਜੈਪੁਰ ਫੁੱਟ ਵੱਲੋਂ 125 ਦਿਵਿਆਂਗਜਨਾਂ ਨੂੰ ਮੁਫ਼ਤ ਬਨਾਵਟੀ ਅੰਗ ਤੇ ਸਹਾਇਕ ਉਪਕਰਣ ਵੰਡੇ
Publish Date: Sun, 22 Mar 2026 07:54 PM (IST)
Updated Date: Mon, 23 Mar 2026 04:16 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਵੱਲੋਂ ਵਿਸ਼ਵ ਪ੍ਰਸਿੱਧ ਸੰਸਥਾ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸਮਿਤੀ (ਜੈਪੁਰ ਫੁੱਟ) ਦੇ ਸਹਿਯੋਗ ਨਾਲ ਰੈੱਡ ਕਰਾਸ ਦਫ਼ਤਰ ਸਾਹਮਣੇ ਡਿਜੀਟਲ ਲਾਇਬ੍ਰੇਰੀ ਵਿਖੇ ਲਾਇਆ ਗਿਆ 2 ਰੋਜ਼ਾ ਵਿਸ਼ੇਸ਼ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ। ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਅਸ਼ਿਕਾ ਜੈਨ ਨੇ ਦੱਸਿਆ ਕਿ ਰੈੱਡ ਕਰਾਸ ਵੱਲੋਂ ਦਿਵਿਆਂਗਜਨਾਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਹ ਕੈਂਪ ਵੀ ਉਸੇ ਲੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਰਾਹੀਂ ਜ਼ਿਲ੍ਹੇ ਦੇ ਹਰ ਲੋੜਵੰਦ ਤੱਕ ਪਹੁੰਚ ਕੇ ਉਸਦਾ ਜੀਵਨ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਂਪ ਦਾ ਉਦਘਾਟਨ ਐਡੀਸ਼ਨਲ ਡਿਪਟੀ ਕਮਿਸ਼ਨਰ (ਆਰ.ਡੀ.) ਨਿਕਾਸ ਕੁਮਾਰ ਵੱਲੋਂ ਕੀਤਾ ਗਿਆ, ਜਦਕਿ ਦੂਜੇ ਦਿਨ ਰਿਟਾਇਰਡ ਆਈ.ਏ.ਐੱਸ. ਗੁਰਜੋਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਇਹ ਤੀਜਾ ਵੱਡਾ ਕੈਂਪ ਲਗਾਇਆ ਗਿਆ ਹੈ। ਕੈਂਪ ਲਈ ਪਹਿਲਾਂ ਹੀ ਲਗਭਗ 75 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਦਕਿ ਮੌਕੇ ’ਤੇ ਵੀ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ। ਕੁੱਲ 125 ਲਾਭਪਾਤਰੀਆਂ ਨੇ ਕੈਂਪ ਵਿੱਚ ਸ਼ਮੂਲੀਅਤ ਕਰ ਕੇ ਲੋੜੀਂਦੀ ਸਹਾਇਤਾ ਪ੍ਰਾਪਤ ਕੀਤੀ। ਕੈਂਪ ਦੌਰਾਨ ਮਾਹਰ ਟੀਮ ਵੱਲੋਂ ਜਾਂਚ ਉਪਰੰਤ 21 ਵਿਅਕਤੀਆਂ ਨੂੰ ਜੈਪੁਰ ਫੁੱਟ ਤਕਨੀਕ ਨਾਲ ਨਕਲੀ ਅੰਗ ਲਗਾਏ ਗਏ। ਇਸ ਤੋਂ ਇਲਾਵਾ 6 ਪੋਲੀਓ ਪ੍ਰਭਾਵਿਤ ਮਰੀਜ਼ਾਂ ਨੂੰ ਕੈਲੀਪਰਸ, 13 ਲੋੜਵੰਦਾਂ ਨੂੰ ਹੈਂਡ ਪੈਡਲ ਟ੍ਰਾਈਸਾਈਕਲ, 13 ਨੂੰ ਵ੍ਹੀਲਚੇਅਰਾਂ, 6 ਨੂੰ ਵਿਸਾਖੀਆਂ ਅਤੇ 48 ਵਿਅਕਤੀਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ ਪ੍ਰਦਾਨ ਕੀਤੀਆਂ ਗਈਆਂ। ਹੋਰ 18 ਲੋੜਵੰਦਾਂ ਨੂੰ ਸਟਿੱਕਾਂ ਸਮੇਤ ਹੋਰ ਸਹਾਇਕ ਉਪਕਰਣ ਵੀ ਵੰਡੇ ਗਏ। ਡਿਪਟੀ ਕਮਿਸ਼ਨਰ ਨੇ ਜੈਪੁਰ ਫੁੱਟ ਦੀ ਟੀਮ ਅਤੇ ਸੰਸਥਾ ਦੇ ਫਾਊਂਡਰ ਡੀ.ਆਰ. ਮਹਿਤਾ, ਡਾ. ਦੀਪਿੰਦਰ ਮਹਿਤਾ ਅਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਯੋਗਦਾਨ ਦੀ ਸਰਾਹਨਾ ਕੀਤੀ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਦੇ ਸੰਜੁਕਤ ਸਕੱਤਰ ਅਦਿਤਿਆ ਰਾਣਾ, ਕੁਲਵੰਤ ਕੌਰ, ਵਾਈਸ ਚੇਅਰਮੈਨ ਰਾਜੀਵ ਬਜਾਜ, ਵਿਨੋਦ ਕੁਮਾਰੀ, ਕੁਲਦੀਪ ਕੋਹਲੀ, ਮਨੋਰਮਾ ਮੋਹਿੰਦਰਾ, ਸੀਮਾ ਬਜਾਜ ਅਤੇ ਰੈੱਡ ਕਰਾਸ ਦੇ ਹੋਰ ਮੈਂਬਰਾਂ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।