ਆਟੋਮੈਟਿਕ ਡਰਾਈਵਿੰਗ ਲਾਇਸੰਸ ਟੈਸਟ ਸੈਂਟਰ ’ਚ ਭਿਆਨਕ ਅੱਗ
ਟਾਂਡਾ ਰੋਡ ਸਥਿਤ ਆਟੋਮੈਟਿਕ ਡਰਾਈਵਿੰਗ ਲਾਇਸੰਸ ਟੈਸਟ ਸੈਂਟਰ 'ਚ ਲੱਗੀ ਭਿਆਨਕ ਅੱਗ; ਫਰਨੀਚਰ, ਦਫ਼ਤਰੀ ਰਿਕਾਰਡ ਤੇ ਕੰਪਿਊਟਰ ਸੜ ਕੇ ਸੁਆਹ
Publish Date: Sun, 22 Mar 2026 07:15 PM (IST)
Updated Date: Mon, 23 Mar 2026 04:14 AM (IST)

ਫਰਨੀਚਰ, ਦਫ਼ਤਰੀ ਰਿਕਾਰਡ ਤੇ ਕੰਪਿਊਟਰ ਸੜ ਕੇ ਸੁਆਹ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਟਾਂਡਾ ਰੋਡ ਸਥਿਤ ਆਟੋਮੇਟਡ ਡਰਾਈਵਿੰਗ ਲਾਇਸੰਸ ਟੈਸਟ ਸੈਂਟਰ ਦੇ ਦਫ਼ਤਰ ਵਿੱਚ ਐਤਵਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਦਫ਼ਤਰ ਦੇ ਅੰਦਰਲੇ ਪਲਾਈਵੁੱਡ ਦੇ ਕਾਊਂਟਰ, ਕੰਪਿਊਟਰ ਅਤੇ ਰਿਕਾਰਡ ਸੜ ਕੇ ਸੁਆਹ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਮਿਊਂਸਿਪਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਕਰੀਬ ਇੱਕ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ। ਏਐੱਸਆਈ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਐਮਰਜੈਂਸੀ ਨੰਬਰ 112 ‘ਤੇ ਕਾਲ ਪ੍ਰਾਪਤ ਹੋਈ ਸੀ ਕਿ ਟਾਂਡਾ ਰੋਡ ਸਥਿਤ ਡਰਾਈਵਿੰਗ ਲਾਇਸੰਸ ਟੈਸਟ ਸੈਂਟਰ ਦੇ ਦਫ਼ਤਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਬੁਝਾਉਣ ਦੀ ਕਾਰਵਾਈ ਕੀਤੀ ਗਈ। ਉਨ੍ਹਾਂ ਮੁਤਾਬਕ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਦਫ਼ਤਰ ਦੇ ਕਾਊਂਟਰ, ਕੰਪਿਊਟਰ ਅਤੇ ਵੱਡੀ ਮਾਤਰਾ ਵਿੱਚ ਰਿਕਾਰਡ ਸੜ ਗਿਆ ਹੈ। ਮਿਊਂਸੀਪਲ ਫਾਇਰ ਬ੍ਰਿਗੇਡ ਦੇ ਫਾਇਰ ਅਫਸਰ ਅਰੁਣ ਕੁਮਾਰ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਦੋ ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਪਰ ਅੰਦਰ ਪਏ ਸਮਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਦਫ਼ਤਰ ਐਤਵਾਰ ਹੋਣ ਕਾਰਨ ਬੰਦ ਸੀ, ਜਿਸ ਕਰ ਕੇ ਅੱਗ ਬਾਰੇ ਜਾਣਕਾਰੀ ਦੇਰ ਨਾਲ ਮਿਲੀ ਅਤੇ ਨੁਕਸਾਨ ਵੱਧ ਗਿਆ। ਰੀਜਨਲ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਅਮਨਦੀਪ ਕੌਰ ਨੇ ਕਿਹਾ ਕਿ ਮੁੱਢਲੇ ਤੌਰ ‘ਤੇ ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਦਫ਼ਤਰ ਦੇ ਅੰਦਰਲੇ ਪਲਾਈਵੁੱਡ ਦੇ ਕਾਊਂਟਰ, ਕੰਪਿਊਟਰ ਅਤੇ ਰਿਕਾਰਡ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕੁੱਲ ਨੁਕਸਾਨ ਦੀ ਪੜਤਾਲ ਕੀਤੀ ਜਾ ਰਹੀ ਹੈ।