ਚਾਰ ਵਾਹਨਾਂ ਦੀ ਭਿਆਨਕ ਟੱਕਰ, ਗਰਭਵਤੀ ਸਮੇਤ 5 ਜ਼ਖਮੀ
ਚਾਰ ਵਾਹਨਾਂ ਦੀ ਭਿਆਨਕ ਟੱਕਰ, ਗਰਭਵਤੀ ਸਮੇਤ ਪੰਜ ਜ਼ਖਮੀ
Publish Date: Sun, 22 Mar 2026 07:13 PM (IST)
Updated Date: Mon, 23 Mar 2026 04:13 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ‘ਤੇ ਪੈਂਦੇ ਅੱਡਾ ਖਾਨਪੁਰ ਨੇੜੇ ਚਾਰ ਵਾਹਨਾਂ ਦੀ ਟੱਕਰ ਵਿੱਚ ਪੰਜ ਲੋਕ ਜ਼ਖਮੀਂ ਹੋ ਗਏ। ਜ਼ਖਮੀਆਂ ਵਿੱਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮੁਕੇਰੀਆਂ ਤੋਂ 4 ਕਿਲੋਮੀਟਰ ਦੂਰ ਮੁੱਖ ਰਾਜ ਮਾਰਗ ‘ਤੇ ਸ਼ਨੀਵਾਰ ਰਾਤ ਇੱਕ ਗੰਨੇ ਨਾਲ ਭਰੀ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ ਸੀ, ਜਿਸ ਕਾਰਨ ਸੜਕ ਦਾ ਇੱਕ ਪਾਸਾ ਬੰਦ ਹੋ ਗਿਆ ਸੀ ਅਤੇ ਟਰੈਫਿਕ ਨੂੰ ਦੂਜੇ ਪਾਸੇ ਵੱਲ ਮੋੜ ਦਿੱਤਾ ਗਿਆ ਸੀ। ਇੱਕ ਤਰਫ਼ਾ ਚਲਦੀ ਟਰੈਫਿਕ ਦੌਰਾਨ ਐਤਵਾਰ ਬਾਅਦ ਦੁਪਹਿਰ ਖਾਨਪੁਰ-ਐਮਾਂ ਮਾਂਗਟ ਦੇ ਵਿਚਕਾਰ ਪੈਂਦੇ ਢਾਬੇ ਨੇੜੇ ਇੱਕ ਟਿੱਪਰ, ਟਰੱਕ ਅਤੇ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ। ਦੁਰਘਟਨਾ ਵਿੱਚ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਜਿਨ੍ਹਾਂ ਵਿੱਚ ਸਵਾਰ ਪੰਜ ਲੋਕ ਜ਼ਖਮੀਂ ਹੋ ਗਏ। ਮੌਕੇ ‘ਤੇ ਪਹੁੰਚੀ ਐੱਸਐੱਸਐੱਫ ਦੀ ਟੀਮ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀਂ ਸਾਰੇ ਲੋਕਾਂ ਨੂੰ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਇਲਾਜ ਅਧੀਨ ਜ਼ਖਮੀਆਂ ਦੀ ਪਛਾਣ ਅਰੁਣ ਕਟੋਚ ਪੁੱਤਰ ਬਲਵਿੰਦਰ ਸਿੰਘ ਵਾਸੀ ਗੂੜਾ ਕਲਾਂ (ਮੀਰਥਲ), ਸੁਖਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਢੋਲਣ (ਲੁਧਿਆਣਾ) ਅਤੇ ਬਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖਾੜਾ ਜਗਰਾਉਂ ਵਜੋਂ ਹੋਈ ਹੈ।