ਵਿਸ਼ਵ ਓਰਲ ਹੈਲਥ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ
ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ
Publish Date: Sun, 22 Mar 2026 06:22 PM (IST)
Updated Date: Mon, 23 Mar 2026 04:10 AM (IST)

ਦਿਵਸ ਲੋਕਾਂ ਨੂੰ ਦੰਦਾਂ ਅਤੇ ਮੂੰਹ ਦੀ ਸਫਾਈ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਓਰਲ ਹੈਲਥ ਦਿਵਸ ਮੌਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਤਰਸੇਮ ਲਾਲ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਹਰ ਸਾਲ 20 ਮਾਰਚ ਨੂੰ ਮਨਾਇਆ ਜਾਣ ਵਾਲਾ ਇਹ ਦਿਵਸ ਲੋਕਾਂ ਨੂੰ ਦੰਦਾਂ ਅਤੇ ਮੂੰਹ ਦੀ ਸਫਾਈ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ।ਉਹਨਾਂ ਕਿਹਾ ਕਿ ਦੰਦ ਸਰੀਰ ਦਾ ਅਹਿਮ ਅੰਗ ਹਨ ਅਤੇ ਉਨ੍ਹਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਨਰਸਿੰਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਦੰਦਾਂ ਦੀ ਸਫਾਈ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਦੰਦਾਂ ਦੀ ਬੀਮਾਰੀ ਹੋਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨ। ਡਾ. ਪਰਮ ਹੰਸ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਦਿਨ ਵਿੱਚ ਦੋ ਵਾਰ ਬ੍ਰਸ਼ ਕਰਨਾ ਚਾਹੀਦਾ ਹੈ- ਸਵੇਰੇ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ। ਉਨ੍ਹਾਂ ਨੇ ਸਹੀ ਤਰੀਕੇ ਨਾਲ ਬਰੱਸ਼ ਕਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੂਥ ਬ੍ਰਸ਼ ਨੂੰ 45 ਡਿਗਰੀ ਦੇ ਕੋਣ ‘ਤੇ ਰੱਖ ਕੇ ਦੰਦਾਂ ਦੀ ਸਫਾਈ ਕਰਨੀ ਚਾਹੀਦੀ ਹੈ ਅਤੇ ਦੰਦਾਂ ਦੇ ਅੰਦਰਲੇ ਹਿੱਸੇ ਅਤੇ ਚਬਾਉਣ ਵਾਲੇ ਭਾਗ ਦੀ ਵੀ ਸਫਾਈ ਜ਼ਰੂਰੀ ਹੈ। ਦੰਦਾਂ ਦੇ ਮਾਹਿਰ ਡਾ. ਹਰਗੋਪਾਲ ਨੇ ਕਿਹਾ ਕਿ ਨਰਮ ਬਰੱਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਦੰਦਾਂ ਦੇ ਨਾਲ-ਨਾਲ ਜੀਭ ਦੀ ਸਫਾਈ ਵੀ ਲਾਜ਼ਮੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦੇ ਥੀਮ “ਖੁਸ਼ ਮੂੰਹ ਹੀ ਖੁਸ਼ ਜ਼ਿੰਦਗੀ ਹੈ” ਦਾ ਉਦੇਸ਼ ਲੋਕਾਂ ਨੂੰ ਚੰਗੀ ਮੌਖਿਕ ਸਿਹਤ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਦੰਦ ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ, ਪਚਾਉਣ ਅਤੇ ਸਹੀ ਉਚਾਰਣ ਲਈ ਜ਼ਰੂਰੀ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਦੰਦਾਂ ਦੀ ਸਫਾਈ ਨਾ ਕਰਨ ਨਾਲ ਮਸੂੜਿਆਂ ਵਿੱਚ ਸੋਜ, ਖੂਨ ਆਉਣਾ ਅਤੇ ਹੋਰ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ। ਦੰਦਾਂ ‘ਤੇ ਜਮਣ ਵਾਲੀ ਪੀਲੀ ਪਾਪੜੀ ਨੂੰ ਸਮੇਂ-ਸਮੇਂ ‘ਤੇ ਸਾਫ ਕਰਵਾਉਣਾ ਚਾਹੀਦਾ ਹੈ ਤਾਂ ਜੋ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਡਾ. ਵਿਕਰਮ ਸਿੰਘ, ਡਾ. ਸੋਨੀਆ, ਡਾ. ਮੋਕਸ਼, ਡਾ. ਪੂਜਾ, ਡਾ. ਅਨੀਸ਼ਾ, ਡਾ. ਨਵਨੀਤ, ਡਾ. ਅਮਿਤ ਕੁਮਾਰ, ਨਰਸਿੰਗ ਸਿਸਟਰ ਸੁਖਵਿੰਦਰ ਕੌਰ, ਰੀਨਾ ਅਤੇ ਨਰਸਿੰਗ ਵਿਦਿਆਰਥਣਾਂ ਮੌਜੂਦ ਸਨ।