ਹਿਮਾਚਲ ਪ੍ਰਦੇਸ਼ ਵੱਲੋਂ ਐਂਟਰੀ ਫੀਸ ’ਚ ਵਾਧਾ ਪੰਜਾਬੀਆਂ ’ਤੇ ਬੋਝ: ਅਟਵਾਲ
ਹਿਮਾਚਲ ਪ੍ਰਦੇਸ਼ ਵੱਲੋਂ ਐਂਟਰੀ ਫੀਸ ’ਚ ਵਾਧਾ ਪੰਜਾਬੀਆਂ ’ਤੇ ਬੋਝ: ਭਾਗ ਸਿੰਘ ਅਟਵਾਲ
Publish Date: Sun, 22 Mar 2026 06:14 PM (IST)
Updated Date: Mon, 23 Mar 2026 04:10 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਪਿੰਡ ਨੈਣਵਾਂ ਦੇ ਜੰਮਪਲ ਸਮਾਜ ਸੇਵੀ ਭਾਗ ਸਿੰਘ ਅਟਵਾਲ (ਕਨੇਡਾ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਐਂਟਰੀ ਫੀਸ ਵਿੱਚ ਕੀਤੇ ਗਏ ਅਚਾਨਕ ਅਤੇ ਵੱਡੇ ਵਾਧੇ ‘ਤੇ ਗੰਭੀਰ ਚਿੰਤਾ ਅਤੇ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸੋਚੇ-ਸਮਝੇ ਲਿਆ ਗਿਆ ਇਹ ਫੈਸਲਾ ਆਮ ਲੋਕਾਂ ‘ਤੇ ਵਾਧੂ ਬੋਝ ਪਾਉਂਦਾ ਹੈ, ਜੋ ਕਤਈ ਵੀ ਜਾਇਜ਼ ਨਹੀਂ। ਲੋਕਤੰਤਰ ’ਚ ਸਰਕਾਰ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਪਰ ਇਹ ਬਹੁਤ ਦੁਖਦਾਈ ਗੱਲ ਹੈ ਕਿ ਕਈ ਵਾਰ ਸਰਕਾਰਾਂ ਲੋਕ-ਹਿਤਾਂ ਨੂੰ ਅਣਡਿੱਠਾ ਕਰ ਕੇ ਲੋਕ-ਮਾਰੂ ਨੀਤੀਆਂ ਤੇ ਕਾਨੂੰਨ ਬਣਾਉਂਦੀਆਂ ਹਨ। ਆਮ ਜਨਤਾ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ‘ਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਅਟਵਾਲ ਨੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਵੀ ਅਪੀਲ ਕੀਤੀ ਕਿ ਉਹ ਗੜਸ਼ੰਕਰ ਹਲਕੇ ਨਾਲ ਸੰਬੰਧਿਤ ਹੋਣ ਦੇ ਨਾਤੇ ਅਤੇ ਸਧਾਰਨ ਪਰਿਵਾਰ ਤੋਂ ਉੱਠੇ ਹੋਣ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹਿਮਾਚਲ ਸਰਕਾਰ ਨਾਲ ਸੰਪਰਕ ਕਰਕੇ ਇਸ ਐਂਟਰੀ ਫੀਸ ਨੂੰ ਤੁਰੰਤ ਖਤਮ ਕਰਵਾਇਆ ਜਾਵੇ।