ਇਰਾਨ-ਇਜ਼ਰਾਈਲ ਦੀ ਜੰਗ ਵਿਚਾਲੇ ਭੱਠਾ ਮਾਲਕ ਪਰੇਸ਼ਾਨ
ਇਰਾਨ -ਇਜ਼ਰਾਈਲ ਦੀ ਜੰਗ ਵਿਚਾਲੇ ਭੱਠਾ ਮਾਲਕ ਪਰੇਸ਼ਾਨ
Publish Date: Sun, 22 Mar 2026 06:12 PM (IST)
Updated Date: Mon, 23 Mar 2026 04:10 AM (IST)

ਕੋਲੇ ਦੇ ਰੇਟ ਢਾਈ ਗੁਣਾ ਵਧੇ, ਇੱਟਾਂ ਦੇ ਭੱਠੇ ਪਹੁੰਚੇ ਬੰਦ ਹੋਣ ਦੀ ਕਗਾਰ ’ਤੇ ਨਵਦੀਪ ਸਿੰਘ, ਪੰਜਾਬੀ ਜਾਗਰਣ, ਹਾਜੀਪੁਰ: ਆਏ ਦਿਨ ਜਿੱਥੇ ਇਰਾਨ ਤੇ ਇਜ਼ਰਾਈਲ ਦੀ ਜੰਗ ਵਿਚਾਲੇ ਪੈਟਰੋਲ ਡੀਜ਼ਲ ਤੇ ਹੋਰ ਸਮਾਨ ਮਹਿੰਗੇ ਹੁੰਦੇ ਨਜ਼ਰ ਆ ਰਹੇ ਹਨ ਉੱਥੇ ਕੋਲਿਆਂ ਦਾ ਵੀ ਰੇਟ ਵਧਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਸਿੱਧਾ ਅਸਰ ਇਸ ਦਾ ਭੱਠਾ ਚਾਲਕਾਂ ਦੇ ਪੈਂਦਾ ਦੇਖਣ ਨੂੰ ਮਿਲ ਰਿਹਾ ਹੈ। ਇਸ ਸੰਬੰਧ ਵਿੱਚ ਜਦੋਂ ਪੱਤਰਕਾਰਾਂ ਦੀ ਟੀਮ ਨੇ ਇੱਟਾ ਦੇ ਭੱਠਿਆਂ ਦਾ ਦੌਰਾ ਕੀਤਾ ਤਾਂ ਬਲਾਕ ਮੁਕੇਰੀਆਂ ਅਧੀਨ ਆਉਂਦੇ ਭੱਠਾ ਡੀਸੀ ਦੇ ਮਨਮੋਹਨ ਭਾਰਤਵਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਦੇ ਵਿੱਚ ਕੋਲੇ ਦਾ ਰੇਟ ਢਾਈ ਗੁਣਾ ਵਾਧਾ ਕਰ ਗਿਆ ਹੈ, ਜਿਸ ਕਾਰਨ ਭੱਠੇ ਮਾਲਕਾਂ ਨੂੰ ਇੱਟਾਂ ਬਣਾਉਣ ’ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਪਿਛਲੇ 15 ਸਾਲਾਂ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਕੋਲੇ ਦੇ ਰੇਟ ਨੇ ਇੱਕ ਦਮ ਉਛਾਲ ਮਾਰਿਆ ਹੈ। ਜੋ ਕੋਲਾ ਸਾਨੂੰ 11000 ਰੁ:ਪ੍ਰਤੀ ਟਨ ਮਿਲਦਾ ਸੀ ਉਹ ਇਸ ਵੇਲੇ ਵੱਧ ਕੇ 28 ਹਜਾਰ ਪ੍ਰਤੀ ਟਨ ਹੋ ਚੁੱਕਾ ਹੈ ਜਿਸ ਕਰਕੇ ਇਟ ਆਮਦ ਵਿੱਚ ਬਹੁਤ ਘਾਟਾ ਹੋ ਰਿਹਾ ਹੈ। ਮਾਰਚ ਤੋਂ ਮਈ ਜੂਨ ਤੱਕ ਇੱਟਾਂ ਦੀ ਵੱਧ ਆਮਦ ਲਈ ਜਾਂਦੀ ਹੈ। ਉਸ ਤੋਂ ਬਾਅਦ ਬਰਸਾਤ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਭੱਠੇ ਬੰਦ ਕਰਨੇ ਪੈਂਦੇ ਹਨ ਪਰ ਇਸ ਸਾਲ ਕੋਲੇ ਦਾ ਰੇਟ ਢਾਈ ਗੁਣਾ ਵੱਧ ਹੋਣ ਕਰਕੇ ਭੱਠੇ ਮਾਰਚ ਵਿੱਚ ਹੀ ਬੰਦ ਕਰਨ ਦੀ ਕਤਾਰ ਵਿੱਚ ਖੜੇ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਜੋ ਇੱਟਾਂ ਦਾ ਰੇਟ ਤੈਅ ਕੀਤਾ ਹੈ, ਭੱਠਾ ਮਾਲਕ ਉਸੇ ਹੀ ਰੇਟ ਮੁਤਾਬਕ ਇੱਟਾਂ ਦੀ ਸਪਲਾਈ ਦਿੰਦੇ ਹਨ ਪਰ ਕੋਲੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਕੋਲੇ ਦੀ ਕਾਲਾ ਬਜਾਰੀ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ। ਕੋਲਾ ਗੁਜਰਾਤ ਤੋਂ ਆਉਂਦਾ ਹੈ, ਰੇਟ ਵਿੱਚ ਵਾਧਾ ਕਰਨਾ ਵਪਾਰੀਆਂ ਦੀ ਮਨਮਾਨੀ ਹੈ। ਸਮੂਹ ਭੱਠਾ ਮਾਲਕ ਇੱਕ ਸਾਂਝੀ ਮੀਟਿੰਗ ਕਰਨਗੇ ਅਤੇ ਆਪਣੀ ਇਸ ਮੁਸ਼ਕਿਲ ਨੂੰ ਆਪੋ ਆਪਣੇ ਜਿਲਿਆਂ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣਗੇ। ਭੱਠਾ ਮਾਲਕਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਡੀ ਇਸ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।