ਲਾਲਜੀਤ ਭੁੱਲਰ ਮਾਮਲੇ ’ਚ ਮਾਨ ਅਸਤੀਫ਼ਾ ਦੇਣ: ਸੂਦ
ਲਾਲਜੀਤ ਭੁੱਲਰ ਮਾਮਲੇ ’ਚ ਭਗਵੰਤ ਮਾਨ ਅਸਤੀਫ਼ਾ ਦੇਣ: ਤੀਕਸ਼ਣ ਸੂਦ
Publish Date: Sun, 22 Mar 2026 05:30 PM (IST)
Updated Date: Mon, 23 Mar 2026 04:07 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ’ਤੇ ਡੂੰਘਾ ਦੁੱਖ ਅਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਮ੍ਰਿਤਕ ਅਧਿਕਾਰੀ ਮੰਤਰੀ ਲਾਲਜੀਤ ਭੁੱਲਰ ਦੇ ਕਥਿਤ ਭ੍ਰਿਸ਼ਟ ਦਬਾਅ ਨੂੰ ਸਹਿਣ ਨਾ ਕਰ ਸਕਣ ਕਾਰਨ ਇਸ ਕਦਮ ਲਈ ਮਜਬੂਰ ਹੋਇਆ। ਜਾਰੀ ਪ੍ਰੈੱਸ ਨੋਟ ਵਿੱਚ ਸੂਦ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸੂਦ ਨੇ ਪਿਛਲੀ ਘਟਨਾ ਨੂੰ ਯਾਦ ਕਰਵਾਉਂਦਿਆਂ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਤੋਂ ਤੰਗ ਆ ਕੇ ਅਧਿਆਪਕਾ ਬਲਵਿੰਦਰ ਕੌਰ ਨੇ ਖੁਦਕੁਸ਼ੀ ਕੀਤੀ ਸੀ, ਜਿਸ ਨੂੰ ਸਰਕਾਰ ਨੇ ਦਬਾ ਦਿੱਤਾ ਸੀ। ਸੂਦ ਨੇ ਕਿਹਾ ਕਿ ਜ਼ਿਲ੍ਹਾ ਵੇਅਰਹਾਊਸ ਮੈਨੇਜਰ ਵੱਲੋਂ ਮੰਤਰੀ ’ਤੇ ਦੋਸ਼ ਲਾਉਣ ਤੋਂ ਬਾਅਦ ਖੁਦਕੁਸ਼ੀ ਕਰਨਾ ਸਰਕਾਰ ਦੇ ਕੰਮਕਾਜ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਿਰਫ ਮੰਤਰੀ ਦਾ ਅਸਤੀਫ਼ਾ ਮੰਗਣ ਨਾਲ ਮ੍ਰਿਤਕ ਅਧਿਕਾਰੀ ਨੂੰ ਇਨਸਾਫ਼ ਨਹੀਂ ਮਿਲੇਗਾ, ਕਿਉਂਕਿ ਪਿਛਲੇ ਮਾਮਲਿਆਂ ਵਿੱਚ ਵੀ ਦੋਸ਼ੀਆਂ ਨੂੰ ਮੁੜ ਬਹਾਲ ਕੀਤਾ ਜਾਂਦਾ ਰਿਹਾ ਹੈ।