ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਪਾਣੀ ਬਚਾਉਣ ਦਾ ਸੰਦੇਸ਼
ਵਿਸ਼ਵ ਜਲ ਦਿਵਸ ਮੌਕੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਪਾਣੀ ਬਚਾਉਣ ਦਾ ਸੰਦੇਸ਼
Publish Date: Sun, 22 Mar 2026 05:10 PM (IST)
Updated Date: Mon, 23 Mar 2026 04:05 AM (IST)

ਸੰਰਖਣ’ ਪ੍ਰਕਲਪ ਹੇਠ ‘ਨੀਰ ਸੰਰਖਣ ਅਭਿਆਨ’ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਮਾਗਮ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਵਿਸ਼ਵ ਜਲ ਦਿਵਸ 2026 ਦੇ ਮੌਕੇ ’ਤੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਹੁਸ਼ਿਆਰਪੁਰ ਆਸ਼ਰਮ ਵਿਖੇ ਸੰਸਥਾਨ ਦੇ ਕੁਦਰਤ ਸੰਭਾਲ ਪ੍ਰੋਗਰਾਮ ‘ਸੰਰਖਣ’ ਦੇ ਅਧੀਨ ‘ਨੀਰ ਸੰਰਖਣ ਅਭਿਆਨ’ ਤਹਿਤ ਵਿਸ਼ਾਲ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਸੇਵਾਦਾਰਾਂ ਨੇ ਹਾਜ਼ਰੀ ਭਰੀ ਅਤੇ ਪਾਣੀ ਬਚਾਉਣ ਦਾ ਸੰਦੇਸ਼ ਫੈਲਾਇਆ ਗਿਆ। ਬਾਕਸ-- ਪਾਣੀ ਪੰਜ ਤੱਤਾਂ ਵਿੱਚੋਂ ਜੀਵਨ-ਦਾਤੀ ਤੱਤ : ਸੁਆਮੀ ਸੱਜਣਾਨੰਦ ਸਮਾਗਮ ਦੌਰਾਨ ਸੁਆਮੀ ਸੱਜਣਾਨੰਦ ਨੇ ਪਾਣੀ ਦੀ ਮਹੱਤਤਾ ਨੂੰ ਅਧਿਆਤਮਿਕ ਅਤੇ ਧਾਰਮਿਕ ਪੱਖੋਂ ਵਿਆਖਿਆ ਕਰਦਿਆਂ ਕਿਹਾ ਕਿ ਸਾਡੇ ਵੇਦਾਂ ਅਤੇ ਸ਼ਾਸਤਰਾਂ ਵਿੱਚ ਪਾਣੀ ਨੂੰ ‘ਵਰੁਣ ਦੇਵ’ ਦੇ ਰੂਪ ਵਿੱਚ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਸਿਰਫ਼ ਇੱਕ ਕੁਦਰਤੀ ਸਰੋਤ ਨਹੀਂ, ਸਗੋਂ ਪੰਜ ਤੱਤਾਂ ਵਿੱਚੋਂ ਇੱਕ ਅਹਿਮ ਜੀਵਨ-ਦਾਤੀ ਤੱਤ ਹੈ ਜਿਸ ਤੋਂ ਬਿਨਾਂ ਸ੍ਰਿਸ਼ਟੀ ਦਾ ਅਸਤਿਤਵ ਸੰਭਵ ਨਹੀਂ। ਉਨ੍ਹਾਂ ਨੇ ਦਰਸਾਇਆ ਕਿ ਭਗਵਾਨ ਸ਼ਿਵ ਦੀਆਂ ਜਟਾਵਾਂ ਵਿੱਚੋਂ ਗੰਗਾ ਦਾ ਪ੍ਰਕਟ ਹੋਣਾ ਅਤੇ ਸ੍ਰੀ ਕ੍ਰਿਸ਼ਨ ਜੀ ਵੱਲੋਂ ਯਮੁਨਾ ਤਟ ’ਤੇ ਕੀਤੀਆਂ ਲੀਲਾਵਾਂ ਸਾਡੇ ਸੰਸਕਾਰਾਂ ਵਿੱਚ ਪਾਣੀ ਦੀ ਪਵਿੱਤਰਤਾ ਅਤੇ ਮਹੱਤਤਾ ਨੂੰ ਦਰਸਾਉਂਦੀਆਂ ਹਨ। ਇਸ ਲਈ ਪਾਣੀ ਦੀ ਬਰਬਾਦੀ ਕਰਨਾ ਕੇਵਲ ਸਮਾਜਿਕ ਹੀ ਨਹੀਂ, ਸਗੋਂ ਧਾਰਮਿਕ ਪੱਖੋਂ ਵੀ ਗਲਤ ਹੈ। ਬਾਕਸ-- ਆਦਤਾਂ ਵਿੱਚ ਬਦਲਾਅ ਨਾਲ ਹੀ ਸੰਭਵ ਪਾਣੀ ਦਾ ਸੰਰਖਣ : ਸਾਧਵੀ ਸ਼ੰਕਰਪ੍ਰੀਤਾ ਭਾਰਤੀ ਇਸ ਮੁਹਿੰਮ ਨੂੰ ਵਿਹਾਰਕ ਰੂਪ ਦਿੰਦਿਆਂ ਸਾਧਵੀ ਸ਼ੰਕਰਪ੍ਰੀਤਾ ਭਾਰਤੀ ਨੇ ‘ਨੀਰ ਸੰਰਖਣ ਅਭਿਆਨ’ ਦੀਆਂ ਗਤੀਵਿਧੀਆਂ ਅਤੇ ਪਾਣੀ ਬਚਾਉਣ ਦੇ ਤਰੀਕਿਆਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ‘ਸੰਰਖਣ’ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਪਾਣੀ ਦੇ ਸੰਭਾਵੀ ਸੰਕਟ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਹਰ ਵਿਅਕਤੀ ਨੂੰ ਆਪਣੀ ਦਿਨਚਰੀ ਵਿੱਚ ਛੋਟੇ-ਛੋਟੇ ਬਦਲਾਅ ਲਿਆ ਕੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਸਬੰਧੀ ਉਨ੍ਹਾਂ ਨੇ ਕੁਝ ਮਹੱਤਵਪੂਰਨ ਸੁਝਾਅ ਦਿੱਤੇ, ਜਿਵੇਂ—ਬਾਲਟੀ ਅਤੇ ਜੱਗ ਦੀ ਵਰਤੋਂ ਕਰਕੇ ਇਸ਼ਨਾਨ ਕਰਨਾ, ਰਸੋਈ ਅਤੇ ਬਗੀਚੇ ਵਿੱਚ ਵਰਤੇ ਪਾਣੀ ਦੀ ਮੁੜ ਵਰਤੋਂ ਕਰਨਾ, ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ ਅਤੇ ਨਲਾਂ ਦੀ ਲੀਕੇਜ ਨੂੰ ਤੁਰੰਤ ਠੀਕ ਕਰਵਾਉਣਾ। ਬਾਕਸ-- ਨੌਜਵਾਨਾਂ ਨੂੰ ‘ਵਾਟਰ ਹੀਰੋਜ਼’ ਬਣਨ ਦਾ ਸੱਦਾ ਸਾਧਵੀ ਨੇ ਨੌਜਵਾਨਾਂ ਅਤੇ ਬੱਚਿਆਂ ਨੂੰ ‘ਵਾਟਰ ਹੀਰੋਜ਼’ ਬਣਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਤਮਿਕ ਜਾਗਰੂਕਤਾ ਨਾਲ ਹੀ ਮਨੁੱਖ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਜਨਮ ਲੈਂਦੀ ਹੈ। ਉਨ੍ਹਾਂ ਕਿਹਾ ਕਿ ਜੇ ਨਵੀਂ ਪੀੜ੍ਹੀ ਇਸ ਮੁਹਿੰਮ ਨਾਲ ਜੁੜੇਗੀ ਤਾਂ ਪਾਣੀ ਦੇ ਸੰਕਟ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਸਮਾਗਮ ਦੇ ਅੰਤ ਵਿੱਚ ਸੰਸਥਾਨ ਦੇ ਸੇਵਾਦਾਰਾਂ ਅਤੇ ਹਾਜ਼ਰ ਲੋਕਾਂ ਵੱਲੋਂ ਪਾਣੀ ਬਚਾਉਣ ਦੀ ਸਮੂਹਿਕ ਸਹੁੰ ਚੁੱਕੀ ਗਈ ਅਤੇ ਇਹ ਸੰਦੇਸ਼ ਦਿੱਤਾ ਗਿਆ ਕਿ “ਜਲ ਬਚੇਗਾ, ਤਦ ਹੀ ਕੱਲ੍ਹ ਬਚੇਗਾ।” ਉਨ੍ਹਾਂ ਨੇ ਸਮਾਜ ਦੇ ਹਰ ਵਰਗ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ।