ਡੀਏਵੀ ਕਾਲਜ ਮੈਨੇਜਿੰਗ ਕਮੇਟੀ ਹੁਸ਼ਿਆਰਪੁਰ ਦੀ ਚੋਣ ਸੰਪੰਨ
ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਹੁਸ਼ਿਆਰਪੁਰ ਦੀ ਚੋਣ ਸੰਪੰਨ; ਡਾ. ਅਨੂਪ ਕੁਮਾਰ ਮੁੜ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ
Publish Date: Sun, 22 Mar 2026 04:58 PM (IST)
Updated Date: Mon, 23 Mar 2026 04:04 AM (IST)

ਡਾ. ਅਨੂਪ ਕੁਮਾਰ ਮੁੜ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ 20 ਮੈਂਬਰਾਂ ਦੀ ਚੋਣ ਅੱਜ ਸ਼ਾਂਤੀਪੂਰਨ ਅਤੇ ਸਰਬਸੰਮਤੀ ਨਾਲ ਸੰਪੰਨ ਹੋਈ। ਨਵੇਂ ਚੁਣੇ ਗਏ ਮੈਂਬਰਾਂ ਦੀ ਪਹਿਲੀ ਮੀਟਿੰਗ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਕੈਂਪਸ ਵਿੱਚ ਸਥਿਤ ਕਮੇਟੀ ਦੇ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ। ਰਿਟਰਨਿੰਗ ਅਫ਼ਸਰ ਡਾ. ਵਿਨੈ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਮੈਂਬਰ ਬਿਨਾਂ ਕਿਸੇ ਵਿਰੋਧ ਦੇ ਸਰਬਸੰਮਤੀ ਨਾਲ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਚੋਣ ਪ੍ਰਕਿਰਿਆ ਸੰਸਥਾ ਵਿੱਚ ਸਹਿਮਤੀ ਤੇ ਏਕਤਾ ਦੀ ਮਜ਼ਬੂਤ ਭਾਵਨਾ ਨੂੰ ਦਰਸਾਉਂਦੀ ਹੈ ਤੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਮੀਟਿੰਗ ਦੌਰਾਨ ਪ੍ਰਧਾਨ ਦੇ ਅਹੁਦੇ ਲਈ ਡਾ. ਅਨੂਪ ਕੁਮਾਰ ਦਾ ਨਾਮ ਡਾ. ਅਜੈ ਬੱਗਾ ਵੱਲੋਂ ਪ੍ਰਸਤਾਵਿਤ ਕੀਤਾ ਗਿਆ, ਜਿਸ ਦਾ ਸਮਰਥਨ ਪ੍ਰੋ. ਜਰਨੈਲ ਸਿੰਘ ਸੈਣੀ ਵੱਲੋਂ ਕੀਤਾ ਗਿਆ। ਮੌਜੂਦ ਸਾਰੇ ਮੈਂਬਰਾਂ ਨੇ ਇਕਸੁਰ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰ ਕਰਦਿਆਂ ਡਾ. ਅਨੂਪ ਕੁਮਾਰ ਨੂੰ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦਾ ਮੁੜ ਪ੍ਰਧਾਨ ਚੁਣ ਲਿਆ। ਕਮੇਟੀ ਵੱਲੋਂ ਡਾ. ਅਨੂਪ ਕੁਮਾਰ ਨੂੰ ਬਾਕੀ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਲਈ ਅਧਿਕਾਰਿਤ ਕੀਤਾ ਗਿਆ। ਇਸ ਦੇ ਨਾਲ ਹੀ ਨਵਰੋਜ਼ ਸ਼ਰਮਾ ਅਤੇ ਡਾ. ਅਵਨੀਸ਼ ਓਹਰੀ ਨੂੰ ਕਮੇਟੀ ਵਿੱਚ ਕੋ-ਆਪਟ ਕੀਤਾ ਗਿਆ। ਡਾ. ਅਨੂਪ ਕੁਮਾਰ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਟੀਮ ਲਗਾਤਾਰ ਸੰਸਥਾ ਦੇ ਹਿੱਤ ਵਿੱਚ ਕੰਮ ਕਰਦੀ ਰਹੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਨਵਰੋਜ਼ ਸ਼ਰਮਾ ਨੂੰ ਡੀਏਵੀ ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਅਤੇ ਸੰਸਥਾਗਤ ਤਰੱਕੀ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ।