ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਕਰਵਾਈ ਨੈਸ਼ਨਲ ਮੈਰਾਥਨ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸ਼ਾਨਦਾਰ ਨੈਸ਼ਨਲ ਮੈਰਾਥਨ
Publish Date: Sun, 22 Mar 2026 04:56 PM (IST)
Updated Date: Mon, 23 Mar 2026 04:02 AM (IST)

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਮੈਰਾਥਨ ’ਚ 4000 ਤੋਂ ਵੱਧ ਲੋਕਾਂ ਦੀ ਭਾਗੀਦਾਰੀ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਕੀਤੀਆਂ ਵੱਡੀਆਂ ਕਾਰਵਾਈਆਂ : ਜੈ ਕ੍ਰਿਸ਼ਨ ਸਿੰਘ ਰੌੜੀ ਮੈਰਾਥਨ ’ਚ ਲੜਕੀਆਂ ਦਾ ਵੱਡੀ ਗਿਣਤੀ ’ਚ ਹਿੱਸਾ ਲੈਣਾ ਸ਼ਲਾਘਾਯੋਗ : ਡਾ. ਗੁਰਪ੍ਰੀਤ ਕੌਰ ਸੰਜੀਵ ਸੂਦ/ਸਤਨਾਮ ਲੋਈ, ਪੰਜਾਬੀ ਜਾਗਰਣ, ਹੁਸ਼ਿਆਰਪੁਰ/ਮਾਹਿਲਪੁਰ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਨੈਸ਼ਨਲ ਮੈਰਾਥਨ ਅੱਜ ਮਾਹਿਲਪੁਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਤੜਕੇ ਸਵੇਰੇ ਕਰਵਾਈ ਗਈ। ਇਸ ਮੈਰਾਥਨ ’ਚ ਸਮਾਜ ਦੇ ਹਰ ਵਰਗ ਦੇ 4000 ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਖੇਡਾਂ ਨੂੰ ਪ੍ਰਫੁੱਲਿਤ ਕਰਨ ਦਾ ਸੰਕਲਪ ਲਿਆ। ਮੈਰਾਥਨ ਦੀ ਪ੍ਰਕਿਰਿਆ ਸਵੇਰੇ 4 ਵਜੇ ਸ਼ੁਰੂ ਹੋਈ, ਜਦਕਿ 42 ਕਿਲੋਮੀਟਰ ਦੌੜ ਨੂੰ ਸਵੇਰੇ 5 ਵਜੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਤੋਂ ਬਾਅਦ 21 ਕਿਲੋਮੀਟਰ, 10 ਕਿਲੋਮੀਟਰ ਤੇ 5 ਕਿਲੋਮੀਟਰ ਵਰਗਾਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਬਾਕਸ ਨਸ਼ਿਆਂ ਖਿਲਾਫ ਜੰਗ ਵਿੱਚ ਸਾਂਝੇ ਯਤਨਾਂ ਦੀ ਲੋੜ : ਰੌੜੀ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੰਜਾਬੀਆਂ ਦੇ ਜਜ਼ਬੇ ਅਤੇ ਬਹਾਦਰੀ ਸਾਹਮਣੇ ਨਸ਼ਿਆਂ ਦੀ ਸਮੱਸਿਆ ਵੱਡੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਨਸ਼ਿਆਂ ਦਾ ਪੂਰੀ ਤਰ੍ਹਾਂ ਖਾਤਮਾ ਸੰਭਵ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਮੈਰਾਥਨ ਕਰਵਾਈ ਗਈ ਹੈ, ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਤੇ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਤੇ ਇਸ ਦੇ ਸਾਕਾਰਾਤਮਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਮਾਹਿਲਪੁਰ ਨੂੰ ਮੁੜ ਖੇਡਾਂ ਦਾ ਗੜ੍ਹ ਬਣਾਉਣ ਲਈ ਸਰਕਾਰ ਵਚਨਬੱਧ ਹੈ। ਬਾਕਸ-- ਲੜਕੀਆਂ ਦੀ ਵੱਡੀ ਭਾਗੀਦਾਰੀ ਸ਼ਲਾਘਾਯੋਗ : ਡਾ. ਗੁਰਪ੍ਰੀਤ ਕੌਰ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ 5 ਕਿਲੋਮੀਟਰ ਮੈਰਾਥਨ ਨੂੰ ਹਰੀ ਝੰਡੀ ਦਿਖਾਉਂਦਿਆਂ ਕਿਹਾ ਕਿ ਲੜਕਿਆਂ ਦੇ ਨਾਲ-ਨਾਲ ਲੜਕੀਆਂ ਵੱਲੋਂ ਵੱਡੀ ਗਿਣਤੀ ’ਚ ਹਿੱਸਾ ਲੈਣਾ ਕਾਬਿਲੇ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਮੈਰਾਥਨ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਵਾਲਾ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ ਬੁਰਾਈਆਂ ਦਾ ਖਾਤਮਾ ਕਰ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਡਿਪਟੀ ਸਪੀਕਰ ਨੇ ਜਾਣਕਾਰੀ ਦਿੱਤੀ ਕਿ 42 ਕਿਲੋਮੀਟਰ ਦੌੜ ’ਚ 142, 21 ਕਿਲੋਮੀਟਰ ’ਚ 350, 10 ਕਿਲੋਮੀਟਰ ’ਚ 513 ਅਤੇ 5 ਕਿਲੋਮੀਟਰ ਵਿੱਚ 2867 ਦੌੜਾਕਾਂ ਨੇ ਹਿੱਸਾ ਲਿਆ। ਬਾਕਸ-- ਜੇਤੂਆਂ ਲਈ ਆਕਰਸ਼ਕ ਇਨਾਮ 42 ਕਿਲੋਮੀਟਰ ਦੌੜ ’ਚ ਪਹਿਲੇ ਸਥਾਨ ਲਈ 1 ਲੱਖ ਰੁਪਏ, ਦੂਜੇ ਲਈ 75 ਹਜ਼ਾਰ ਤੇ ਤੀਜੇ ਲਈ 40 ਹਜ਼ਾਰ ਰੁਪਏ ਇਨਾਮ ਰੱਖਿਆ ਗਿਆ। ਇਸੇ ਤਰ੍ਹਾਂ ਹੋਰ ਸਥਾਨਾਂ ਲਈ ਵੀ ਵੱਖ-ਵੱਖ ਰਕਮਾਂ ਦਿੱਤੀਆਂ ਗਈਆਂ। 21 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜਾਂ ’ਚ ਵੱਖ-ਵੱਖ ਉਮਰ ਵਰਗਾਂ ਲਈ ਪਹਿਲੇ 3 ਸਥਾਨਾਂ ਨੂੰ ਕ੍ਰਮਵਾਰ 30 ਹਜ਼ਾਰ, 15 ਹਜ਼ਾਰ, 10 ਹਜ਼ਾਰ ਅਤੇ 20 ਹਜ਼ਾਰ, 10 ਹਜ਼ਾਰ, 5 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ। 5 ਕਿਲੋਮੀਟਰ ਦੌੜ ’ਚ ਪਹਿਲੇ 10 ਸਥਾਨਾਂ ਲਈ 500 ਤੋਂ 5000 ਰੁਪਏ ਤੱਕ ਦੇ ਇਨਾਮ ਦਿੱਤੇ ਗਏ, ਜਦਕਿ ਦਿਵਿਆਂਗ ਵਰਗ ਲਈ ਵੀ ਖਾਸ ਇਨਾਮ ਰੱਖੇ ਗਏ। ਬਾਕਸ-- ਖੇਡ ਜਗਤ ਦੀਆਂ ਪ੍ਰਸਿੱਧ ਹਸਤੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਮੈਰਾਥਨ ਮੌਕੇ ਓਲੰਪੀਅਨ ਅਰਜੁਨਾ ਐਵਾਰਡੀ ਸਵਰਨ ਸਿੰਘ, ਏਸ਼ੀਅਨ ਚੈਂਪੀਅਨ ਚਰਨਮੋਹਨ, ਏਸ਼ੀਅਨ ਚੈਂਪੀਅਨ ਹਰਦੀਪ ਸਿੰਘ, ਏਸ਼ੀਅਨ ਚੈਂਪੀਅਨ ਪ੍ਰਭਜੋਤ ਸਿੰਘ, ਏਸ਼ੀਅਨ ਚੈਂਪੀਅਨ ਕੋਮਲ ਪ੍ਰੀਤ ਸ਼ੁਕਲਾ, ਏਸ਼ੀਅਨ ਚੈਂਪੀਅਨ ਅਨਮੋਲ ਕੌਰ, ਏਸ਼ੀਅਨ ਖੇਡਾਂ ਰਾਜਵਿੰਦਰ ਕੌਰ, ਵਰਲਡ ਪੁਲਸ ਖੇਡਾਂ ਚੈਂਪੀਅਨ ਵੀਰਪਾਲ ਕੌਰ, ਕਾਮਨਵੈਲਥ ਚੈਂਪੀਅਨ ਰਵਨੀਤ ਕੌਰ, ਵਰਲਡ ਪੁਲਸ ਖੇਡਾਂ ਚੈਪੀਅਨ ਰਮਨਦੀਪ ਕੌਰ, ਸੈਫ ਖੇਡਾਂ ਨਵਨੀਤ ਕੌਰ, ਏਸ਼ੀਅਨ ਚੈਂਪੀਅਨ ਬਲਜਿੰਦਰ ਸਿੰਘ, ਵਰਲਡ ਪੁਲਸ ਖੇਡਾਂ ਚੈਂਪੀਅਨ ਪਰਵਿੰਦਰ ਸਿੰਘ, ਏਸ਼ੀਅਨ ਚੈਂਪੀਅਨ ਹਰਪ੍ਰੀਤ ਸਿੰਘ, ਰਣਦੀਪ ਕੌਰ, ਵਰਲਡ ਪੁਲਸ ਖੇਡਾਂ ਚੈਂਪੀਅਨ ਜਗਮੀਤ ਸਿੰਘ, ਵਰਲਡ ਕੱਪ ਚੈਂਪੀਅਨ ਪ੍ਰਿਅੰਕਾ ਠਾਕੁਰ, ਵਰਲਡ ਪੁਲਿਸ ਖੇਡਾਂ ਚੈਂਪੀਅਨ ਗੁਰਸ਼ਰਨਪ੍ਰੀਤ ਕੌਰ, ਵਰਲਡ ਪੁਲਸ ਖੇਡਾਂ ਅਮਨਭਾਈ, ਵਰਲਡ ਪੁਲਸ ਖੇਡਾਂ ਸੰਨੀ, ਪ੍ਰਦੀਪ ਕੁਮਾਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐੱਸਐੱਸਪੀ ਸੰਦੀਪ ਕੁਮਾਰ ਮਲਿਕ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਪਰਮਿੰਦਰ ਗੋਲਡੀ, ਪ੍ਰਿੰਸ ਚੌਧਰੀ, ਚਰਨਜੀਤ ਕੌਰ ਹਵੇਲੀ, ਕੁਲਜੀਤ ਸਿੰਘ, ਇੰਦਰਜੀਤ ਸਿੰਘ, ਨਵਪ੍ਰੀਤ ਕੌਰ, ਜੂਝਾਰ ਸਿੰਘ, ਕਮਲੇਸ਼, ਕਾਲਜ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ, ਖੇਡ ਪ੍ਰਮੋਟਰ ਕੁਲਵੰਤ ਸਿੰਘ ਸੰਘਾ, ਵੱਡੀ ਗਿਣਤੀ ’ਚ ਪੰਚਾਇਤਾਂ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਮੌਜੂਦ ਸਨ। ਮੈਰਾਥਨ ਦੌਰਾਨ ਦੌੜਾਕਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ। ਲੋਕਾਂ ਵੱਲੋਂ ਦਿੱਤੇ ਗਏ ਭਰਵਾਂ ਹੁੰਗਾਰੇ ਲਈ ਆਯੋਜਕਾਂ ਨੇ ਧੰਨਵਾਦ ਵੀ ਕੀਤਾ।