ਨਸ਼ੇ ਵਾਲਾ ਪਦਾਰਥ ਤੇ ਹੋਰ ਸਾਮਾਨ ਸਮੇਤ 2 ਕਾਬੂ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਕਾਰਵਾਈ: ਦੋ ਵਿਅਕਤੀ ਕਾਬੂ, ਨਸ਼ੀਲਾ ਪਦਾਰਥ ਅਤੇ ਹੋਰ ਸਮਾਨ ਬਰਾਮਦ
Publish Date: Thu, 19 Mar 2026 07:09 PM (IST)
Updated Date: Fri, 20 Mar 2026 04:13 AM (IST)

ਹੁਸ਼ਿਆਰਪੁਰ ਪੁਲਿਸ ਨੇ ਕੀਤੀ ਨਸ਼ਾ ਵਿਰੋਧੀ ਕਾਰਵਾਈ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤਹਿਤ ਗੜ੍ਹਸ਼ੰਕਰ ਅਤੇ ਹਰਿਆਣਾ ਥਾਣਿਆਂ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਅਤੇ ਨਸ਼ੇ ਦੇ ਸੇਵਨ ਲਈ ਵਰਤੇ ਜਾਂਦੇ ਸਾਮਾਨ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਾਕਸ-- 23.2 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਪੁਲਿਸ ਨੇ ਦੱਸਿਆ ਕਿ ਗੜਸ਼ੰਕਰ ਥਾਣੇ ਦੇ ਏ.ਐਸ.ਆਈ ਕੋਸ਼ਲ ਚੰਦਰ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਅਕਾਲਗੜ੍ਹ ਨਹਿਰ ਦੇ ਪੁਲ ਤੇ ਗਸ਼ਤ ਦੌਰਾਨ ਮੌਜੂਦ ਸੀ, ਜਿੱਥੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਜਤਿੰਦਰ ਕੁਮਾਰ ਉਰਫ ਗੂੰਗਾ (30), ਵਾਸੀ ਬਡੇਸਰੋ, ਜੋ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ, ਨਸ਼ਾ ਵੇਚਣ ਦਾ ਧੰਦਾ ਕਰ ਰਿਹਾ ਹੈ। ਸੂਚਨਾ ਦੇ ਆਧਾਰ ਤੇ ਪੁਲਿਸ ਨੇ ਬਡੇਸਰੋ-ਜੀਵਨਪੁਰ ਗੁੱਜਰਾਂ ਰੋਡ ਤੇ ਸਥਿਤ ਇੱਕ ਟਿਊਬਵੈੱਲ ਤੇ ਰੇਡ ਕਰਕੇ ਉਕਤ ਮੁਲਜ਼ਮ ਨੂੰ ਕਾਬੂ ਕੀਤਾ ਅਤੇ ਉਸ ਦੀ ਨਿਸ਼ਾਨਦੇਹੀ ‘ਤੇ ਮੋਟਰ ਦੀ ਖੇਲ ਵਿੱਚੋਂ ਇੱਕ ਮੋਮੀ ਲਿਫਾਫੇ ਵਿੱਚ ਰੱਖਿਆ 23.2 ਗ੍ਰਾਮ ਨਸ਼ੀਲਾ ਪਦਾਰਥ ਕਥਿਤ ਤੌਰ ਤੇ ਬਰਾਮਦ ਕੀਤਾ ਗਿਆ। ਬਾਕਸ-- ਪੁਲਿਸ ਵੱਲੋਂ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਗ੍ਰਿਫ਼ਤਾਰ ਦੂਜੇ ਮਾਮਲੇ ਵਿੱਚ, ਥਾਣਾ ਹਰਿਆਣਾ ਦੀ ਪੁਲਿਸ ਨੇ ਪਿੰਡ ਭਟੋਲੀਆ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ ਵਰਿੰਦਰ ਸਿੰਘ ਸਮੇਤ ਪੁਲਿਸ ਕਰਮਚਾਰੀ ਅੱਡਾ ਭੂੰਗਾ ਵਿਖੇ ਗਸ਼ਤ ਤੇ ਸਨ, ਜਦੋਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਇੱਕ ਵਿਅਕਤੀ ਭੂੰਗਾ-ਢੋਲਵਾਹਾ ਰੋਡ ਤੇ ਪੈਂਦੇ ਜੰਗਲ ਵਿੱਚ ਨਸ਼ੇ ਦਾ ਸੇਵਨ ਕਰ ਰਿਹਾ ਹੈ। ਪੁਲਿਸ ਨੇ ਮੌਕੇ ਤੇ ਰੇਡ ਕਰਕੇ ਹਰਪ੍ਰੀਤ ਸਿੰਘ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ ਨਸ਼ੇ ਦੇ ਸੇਵਨ ਲਈ ਵਰਤਿਆ ਜਾਣ ਵਾਲਾ ਸਾਮਾਨ, ਇੱਕ ਲਾਈਟਰ, ਸੜਿਆ ਹੋਇਆ ਸਿਲਵਰ ਪੇਪਰ ਅਤੇ ਇੱਕ 10 ਰੁਪਏ ਦਾ ਰੋਲ ਕੀਤਾ ਹੋਇਆ ਨੋਟ ਕਥਿਤ ਤੌਰ ਤੇ ਬਰਾਮਦ ਹੋਇਆ। ਪੁਲਿਸ ਨੇ ਕਿਹਾ ਕਿ ਦੋਵੇਂ ਮੁਲਜ਼ਮਾਂ ਵਿਰੁੱਧ ਐੱਨਡੀਪੀਐੱਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।