ਅੰਕਿਤਾ ਨੇ ਪੰਜਾਬ ’ਵਰਸਿਟੀ ’ਚੋਂ ਹਾਸਲ ਕੀਤਾ ਚੌਥਾ ਸਥਾਨ
ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੀ ਵਿਦਿਆਰਥਣ ਅੰਕਿਤਾ ਸ਼ਰਮਾ ਨੇ ਪੰਜਾਬ ਯੂਨੀਵਰਸਿਟੀ ਵਿੱਚੋਂ ਹਾਸਲ ਕੀਤਾ ਚੌਥਾ ਸਥਾਨ
Publish Date: Thu, 19 Mar 2026 06:38 PM (IST)
Updated Date: Fri, 20 Mar 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡੀਏਵੀ ਕਾਲਜ, ਹੁਸ਼ਿਆਰਪੁਰ ਦੇ ਬੀਏ ਪੰਜਵੇਂ ਸਮੈਸਟਰ ਦੇ ਨਤੀਜੇ ਕਾਫ਼ੀ ਸ਼ਾਨਦਾਰ ਰਹੇ ਹਨ। ਕਾਲਜ ਦੀ ਵਿਦਿਆਰਥਣ ਅੰਕਿਤਾ ਸ਼ਰਮਾ ਨੇ 400 ਵਿੱਚੋਂ 353 ਅੰਕ (88.25 ਫੀਸਦੀ) ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚੋਂ ਚੌਥਾ ਅਤੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ. ਵਿਨੈ ਕੁਮਾਰ ਨੇ ਕਿਹਾ ਕਿ ਦਸੰਬਰ 2025 ਵਿੱਚ ਹੋਈ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਰੀਤੋਸ਼ ਕੁਮਾਰ ਨੇ 335 ਅੰਕ (83.75 ਫੀਸਦੀ) ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਜਾ ਅਤੇ ਹਰਲੀਨ ਕੌਰ ਨੇ 332 ਅੰਕ (83 ਫੀਸਦੀ) ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਕਠਿਨ ਮਿਹਨਤ ਅਤੇ ਅਧਿਆਪਕਾਂ ਦੀ ਰਹਿਨੁਮਾਈ ਦਾ ਨਤੀਜਾ ਹੈ, ਜਿਸ ਨਾਲ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਹੋਇਆ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐਮ. ਭੱਲਾ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੀਵਨ ਵਿੱਚ ਸਫਲਤਾ ਲਈ ਮਿਹਨਤ ਹੀ ਸਭ ਤੋਂ ਵੱਡੀ ਕੁੰਜੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ। ਵਿਦਿਆਰਥੀਆਂ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਦੇ ਆਸ਼ੀਰਵਾਦ ਅਤੇ ਆਰਟਸ ਵਿਭਾਗ ਦੇ ਅਧਿਆਪਕਾਂ ਦੀ ਯੋਗ ਅਗਵਾਈ ਨੂੰ ਦਿੱਤਾ।