ਸੋਸ਼ਲ ਮੀਡੀਆ ਬਣਿਆ ਸਿੱਖਿਆ ਦਾ ਸਹਾਰਾ
ਸੋਸ਼ਲ ਮੀਡੀਆ ਬਣਿਆ ਸਿੱਖਿਆ ਦਾ ਸਹਾਰਾ: 'ਹੁਸ਼ਿਆਰਪੁਰ ਆਨਲਾਈਨ' ਨੇ ਹਜ਼ਾਰਾਂ ਪਰਿਵਾਰਾਂ ਦਾ ਆਰਥਿਕ ਬੋਝ ਕੀਤਾ ਘੱਟ
Publish Date: Thu, 19 Mar 2026 06:17 PM (IST)
Updated Date: Fri, 20 Mar 2026 04:10 AM (IST)

‘ਹੁਸ਼ਿਆਰਪੁਰ ਆਨਲਾਈਨ’ ਨੇ ਹਜ਼ਾਰਾਂ ਪਰਿਵਾਰਾਂ ਦਾ ਆਰਥਿਕ ਬੋਝ ਕੀਤਾ ਘੱਟ ਮੁਫ਼ਤ ਕਿਤਾਬਾਂ ਤੇ ਵਰਦੀਆਂ ਰਾਹੀਂ ਮਦਦ ਕਰ ਕੇ ਜਸਵਿੰਦਰ ਸਿੰਘ ਨੇ ਪੇਸ਼ ਕੀਤੀ ਮਿਸਾਲ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜਿੱਥੇ ਇੱਕ ਪਾਸੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਅਕਸਰ ਸਵਾਲ ਉੱਠਦੇ ਹਨ, ਉੱਥੇ ਹੀ ਹੁਸ਼ਿਆਰਪੁਰ ਦੇ ਇੱਕ ਫੇਸਬੁੱਕ ਪੇਜ ਹੁਸ਼ਿਆਰਪੁਰ ਆਨਲਾਈਨ ਨੇ ਇਸ ਦੀ ਸਕਾਰਾਤਮਕ ਵਰਤੋਂ ਕਰਕੇ ਸਮਾਜ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਇਸ ਪਲੇਟਫਾਰਮ ਰਾਹੀਂ ਹਜ਼ਾਰਾਂ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਅਤੇ ਸਕੂਲ ਡਰੈੱਸਾਂ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਪਰਿਵਾਰਾਂ ਦਾ ਵਿੱਤੀ ਬੋਝ ਘਟਾਇਆ ਜਾ ਰਿਹਾ ਹੈ। ਇਸ ਪੇਜ ਨੂੰ ਸ਼ਹਿਰ ਦੇ ਸਮਾਜ ਸੇਵੀ ਜਸਵਿੰਦਰ ਸਿੰਘ ਚਲਾ ਰਹੇ ਹਨ। ਉਹਨਾਂ ਨੂੰ ਪਰਿਆਵਰਣ ਪ੍ਰੇਮੀ ਅਤੇ ਸ਼ਿਵਾਲਿਕ ਪਹਾੜੀਆਂ ਵਿੱਚ ਯਾਤਰਾ ਗਰੁੱਪ ਚਲਾਉਣ ਲਈ ਵੀ ਜਾਣਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਉਹ ਸਿੱਖਿਆ ਦੇ ਖੇਤਰ ਵਿੱਚ ਵੀ ਸਰਾਹਣਯੋਗ ਕੰਮ ਕਰ ਰਹੇ ਹਨ। ਹਰ ਸਾਲ ਮਾਰਚ ਮਹੀਨੇ ਵਿੱਚ, ਜਦੋਂ ਨਵੇਂ ਸਿੱਖਿਆ ਸੈਸ਼ਨ ਦੀਆਂ ਤਿਆਰੀਆਂ ਸ਼ੁਰੂ ਹੁੰਦੀਆਂ ਹਨ, ਤਦ ‘ਹੁਸ਼ਿਆਰਪੁਰ ਆਨਲਾਈਨ’ ਪੇਜ ‘ਤੇ ਇੱਕ ਖਾਸ ਅਪੀਲ ਕੀਤੀ ਜਾਂਦੀ ਹੈ। ਇਸ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਰਤੀਆਂ ਹੋਈਆਂ ਕਿਤਾਬਾਂ ਅਤੇ ਚੰਗੀ ਹਾਲਤ ਵਿੱਚ ਮੌਜੂਦ ਸਕੂਲੀ ਵਰਦੀਆਂ ਦੇ ਅਦਲ-ਬਦਲ ਦੀ ਗੱਲ ਕੀਤੀ ਜਾਂਦੀ ਹੈ। ਇਸ ਦਾ ਮਕਸਦ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰਨਾ ਹੈ। ਬਾਕਸ-- ਹਰ ਸਾਲ ਹਜ਼ਾਰਾਂ ਰੁਪਏ ਦੀ ਬੱਚਤ ਸਿੱਖਿਆ ਮਾਹਿਰਾਂ ਅਤੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਦਨ ਲਾਲ ਸ਼ਰਮਾ ਅਤੇ ਸੇਵਾ ਮੁਕਤ ਪ੍ਰਿੰਸਿਪਲ ਇੰਦਿਰਾ ਰਾਣੀ ਦੇ ਅਨੁਸਾਰ, ਅੱਜ ਦੇ ਸਮੇਂ ਵਿੱਚ ਇੱਕ ਵਿਦਿਆਰਥੀ ਦੀਆਂ ਕਿਤਾਬਾਂ ਅਤੇ ਵਰਦੀ ‘ਤੇ ਸਾਲਾਨਾ 3000 ਤੋਂ 8000 ਰੁਪਏ ਤੱਕ ਖਰਚਾ ਆ ਜਾਂਦਾ ਹੈ। ਇਸ ਪਹਿਲ ਨਾਲ ਲੋੜਵੰਦ ਪਰਿਵਾਰਾਂ ਨੂੰ ਸਿੱਧੀ ਆਰਥਿਕ ਰਾਹਤ ਮਿਲ ਰਹੀ ਹੈ। ਸਮਸ਼ੇਰ ਸਿੰਘ, ਗੁਰਜੀਤ ਸਿੰਘ, ਰੁਪਿੰਦਰ ਕੌਰ ਅਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਇਸ ਮੰਚ ਰਾਹੀਂ ਉਹਨਾਂ ਨੂੰ ਲਗਭਗ ਸਾਰੀਆਂ ਕਿਤਾਬਾਂ ਮੁਫ਼ਤ ਮਿਲ ਜਾਂਦੀਆਂ ਹਨ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣਾ ਆਸਾਨ ਹੋ ਗਿਆ ਹੈ। ਇਸ ਗਰੁੱਪ ਦੀ ਖਾਸ ਗੱਲ ਇਹ ਹੈ ਕਿ ਇੱਥੇ ਲੋੜਵੰਦ ਵਿਦਿਆਰਥੀ ਜਾਂ ਉਹਨਾਂ ਦੇ ਅਭਿਭਾਵਕ ਆਪਣੀ ਜਮਾਤ ਅਤੇ ਵਿਸ਼ੇ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ। ਜਿਨ੍ਹਾਂ ਕੋਲ ਪੁਰਾਣੀਆਂ ਕਿਤਾਬਾਂ ਜਾਂ ਵਰਦੀਆਂ ਹੁੰਦੀਆਂ ਹਨ, ਉਹ ਆਪਣਾ ਸੰਪਰਕ ਨੰਬਰ ਦੇ ਕੇ ਜਾਣਕਾਰੀ ਪਾਉਂਦੇ ਹਨ। ਇਸ ਤੋਂ ਬਾਅਦ ਦੋਵੇਂ ਪੱਖ ਆਪਸੀ ਸੰਪਰਕ ਨਾਲ ਸਮੱਗਰੀ ਦਾ ਅਦਾਨ-ਪ੍ਰਦਾਨ ਕਰ ਲੈਂਦੇ ਹਨ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਭਰੋਸੇ ਅਤੇ ਪਾਰਦਰਸ਼ਤਾ ‘ਤੇ ਅਧਾਰਿਤ ਹੈ। ਬਾੀਕਸ-- ਹਜ਼ਾਰਾਂ ਵਿਦਿਆਰਥੀਆਂ ਨੂੰ ਲਾਭ ਇਸ ਉਪਰਾਲੇ ਨਾਲ ਹੁਣ ਤੱਕ ਹਜ਼ਾਰਾਂ ਵਿਦਿਆਰਥੀ ਲਾਭਾਨਵਿਤ ਹੋ ਚੁੱਕੇ ਹਨ। ਜਿਨ੍ਹਾਂ ਪਰਿਵਾਰਾਂ ਲਈ ਮਹਿੰਗੀਆਂ ਕਿਤਾਬਾਂ ਅਤੇ ਵਰਦੀਆਂ ਖਰੀਦਣਾ ਮੁਸ਼ਕਲ ਸੀ, ਉਨ੍ਹਾਂ ਲਈ ਇਹ ਪਹਿਲ ਵਰਦਾਨ ਸਾਬਤ ਹੋ ਰਹੀ ਹੈ। ਨਾਲ ਹੀ ਜਿਨ੍ਹਾਂ ਪਰਿਵਾਰਾਂ ਦੀਆਂ ਕਿਤਾਬਾਂ ਵਰਤੋਂ ਤੋਂ ਬਾਅਦ ਬੇਕਾਰ ਪੈ ਜਾਂਦੀਆਂ ਸਨ, ਉਹ ਹੁਣ ਉਹਨਾਂ ਨੂੰ ਲੋੜਵੰਦਾਂ ਤੱਕ ਪਹੁੰਚਾ ਕੇ ਸਮਾਜਿਕ ਯੋਗਦਾਨ ਦੇ ਰਹੇ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਜਿੰਦਰ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨਾ ਸਿਰਫ਼ ਸਰੋਤਾਂ ਦੇ ਸਹੀ ਉਪਯੋਗ ਨੂੰ ਵਧਾਵਾ ਦਿੰਦੇ ਹਨ, ਸਗੋਂ ਸਮਾਜ ਵਿੱਚ ਸਾਂਝ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਨਾਲ ਪਰਿਆਵਰਣ ਦੀ ਰੱਖਿਆ ਵਿੱਚ ਵੀ ਯੋਗਦਾਨ ਪੈਂਦਾ ਹੈ ਕਿਉਂਕਿ ਕਾਗਜ਼ ਅਤੇ ਹੋਰ ਸਰੋਤਾਂ ਦੀ ਬਚਤ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਜਦੋਂ ਸੋਸ਼ਲ ਮੀਡੀਆ ਨੂੰ ਅਕਸਰ ਨਿੰਦਾ ਦਾ ਸਾਹਮਣਾ ਕਰਨਾ ਪੈਂਦਾ ਹੈ, ‘ਹੁਸ਼ਿਆਰਪੁਰ ਆਨਲਾਈਨ’ ਵਰਗੇ ਉਪਰਾਲੇ ਇਹ ਸਾਬਤ ਕਰਦੇ ਹਨ ਕਿ ਸਹੀ ਸੋਚ ਨਾਲ ਡਿਜ਼ਿਟਲ ਮੰਚ ਸਮਾਜ ਵਿੱਚ ਵੱਡਾ ਬਦਲਾਅ ਲਿਆ ਸਕਦੇ ਹਨ। ਇਹ ਉਪਰਾਲਾ ਨਾ ਸਿਰਫ਼ ਸਿੱਖਿਆ ਨੂੰ ਸੌਖਾ ਬਣਾ ਰਿਹਾ ਹੈ, ਸਗੋਂ ਲੋੜਵੰਦਾਂ ਦੇ ਜੀਵਨ ਵਿੱਚ ਨਵੀਂ ਆਸ ਵੀ ਜਗਾ ਰਿਹਾ ਹੈ।