ਪਨਬਸ ਅਤੇ ਛੋਟਾ ਹਾਥੀ ਦੀ ਟੱਕਰ: ਇਕ ਦੀ ਮੌਤ, 12 ਜ਼ਖ਼ਮੀ
ਪਨਬਸ ਅਤੇ ਛੋਟਾ ਹਾਥੀ ਦੀ ਟੱਕਰ: ਇਕ ਦੀ ਮੌਤ, 12 ਜਖਮੀ
Publish Date: Thu, 19 Mar 2026 06:10 PM (IST)
Updated Date: Fri, 20 Mar 2026 04:10 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਕੱਲ ਬਾਅਦ ਦੁਪਹਿਰ ਕਰੀਬ 3 ਵਜੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਰੋਡ ’ਤੇ ਪਿੰਡ ਬੱਢੋਆਣ ਦੇ ਪੁਲ ਕੋਲ ਪਨਬੱਸ ਤੇ ਛੋਟੇ ਹਾਥੀ ਦੀ ਹੋਈ ਸਿੱਧੀ ਭਿਆਨਕ ਟੱਕਰ ’ਚ ਛੋਟੇ ਹਾਥੀ ਵਿਚ ਸਵਾਰ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 12 ਵਿਅਕਤੀ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਛੋਟੇ ਹਾਥੀ ਦੇ ਪਰਖੱਚੇ ਉੱਡ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਗਿਆ, ਜਿੱਥੇ ਐੱਸਐੱਮਓ ਡਾ. ਜਸਵੰਤ ਸਿੰਘ ਥਿੰਦ ਦੀ ਸਮੁੱਚੀ ਡਾਕਟਰੀ ਟੀਮ ਵਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮ੍ਰਿਤਕ ਕਰਮਚੰਦ ਪੁੱਤਰ ਜੱਲੂ ਵਾਸੀ ਚੱਕ ਫਲੂ ਦੀ ਲਾਸ਼ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਮੋਰਚਰੀ ’ਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਛੋਟੇ ਹਾਥੀ ਚ ਇਕੋ ਪਰਿਵਾਰ ਨਾਲ ਸਬੰਧਤ 12 ਵਿਅਕਤੀ ਚੱਬੇਵਾਲ ਤੋਂ ਮਰਗ ਸਮਾਗਮ ਤੋਂ ਵਾਪਸ ਆਪਣੇ ਪਿੰਡ ਚੱਕ ਫਲੂ ਨੂੰ ਜਾ ਰਹੇ ਸਨ। ਦੂਜੇ ਪਾਸੇ ਹੁਸ਼ਿਆਰਪਰ ਡੀਪੂ ਨਾਲ ਸਬੰਧਤ ਪਨਬੱਸ ਦੀ ਬੱਸ, ਜਿਹੜੀ ਚੰਡੀਗੜ੍ਹ ਤੋਂ ਜੰਮੂ ਨੂੰ ਜਾ ਰਹੀ ਸੀ, ਜਿਸ ਨੂੰ ਗੁਰਮੀਤ ਸਿੰਘ ਪੁੱਤਰ ਸ਼ਿਵ ਸਿੰਘ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ, ਦੀ ਆਪਸ ’ਚ ਟੱਕਰ ਹੋ ਗਈ। ਸਿਵਲ ਹਸਪਤਾਲ ਮਾਹਿਲਪੁਰ ਵਿਖੇ ਡਾ. ਰਾਜ ਕੁਮਾਰ ਮੈਂਬਰ ਪਾਰਲੀਮੈਂਟ ਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵੀਲ ਨੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਤੇ ਹਰ ਮਦਦ ਦਾ ਭਰੋਸਾ ਦਵਾਇਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।