ਏਡੀਜੀਪੀ ਵਰਮਾ ਦੀ ਅਗਵਾਈ ਹੇਠ ਕਾਸੋ ਮੁਹਿੰਮ, 6 ਗ੍ਰਿਫ਼ਤਾਰ
ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਹੁਸ਼ਿਆਰਪੁਰ 'ਚ ਏਡੀਜੀਪੀ ਵਰਮਾ ਦੀ ਅਗਵਾਈ ਹੇਠ ਕਾਸੋ ਮੁਹਿੰਮ, 6 ਗ੍ਰਿਫ਼ਤਾਰ
Publish Date: Thu, 19 Mar 2026 06:07 PM (IST)
Updated Date: Fri, 20 Mar 2026 04:10 AM (IST)

ਹੁਸ਼ਿਆਰਪੁਰ ਪੁਲਿਸ ਨੇ ਨਸ਼ਿਆਂ ਵਿਰੁੱਧ ਕੀਤੀ ਵੱਡੀ ਕਾਰਵਾਈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੀਰਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਵੱਡੇ ਪੱਧਰ ਤੇ ਕੁਆਰਡਨ ਐਂਡ ਸਰਚ ਆਪਰੇਸ਼ਨ (ਕਾਸੋ) ਚਲਾਇਆ ਗਿਆ। ਇਸ ਵਿਸ਼ੇਸ਼ ਆਪ੍ਰੇਸ਼ਨ ਦੀ ਕਮਾਨ ਖੁਦ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ), ਇੰਟਰਨਲ ਸਿਕਿਉਰਟੀ, ਸ਼ਿਵੇ ਕੁਮਾਰ ਵਰਮਾ ਨੇ ਸੰਭਾਲੀ। ਬਾਕਸ-- 500 ਪੁਲਿਸ ਮੁਲਾਜ਼ਮਾਂ ਨੇ 18 ਥਾਵਾਂ ’ਤੇ ਦਿੱਤੀ ਦਸਤਕ ਏਡੀਜੀਪੀ ਸ਼ਿਵੇ ਕੁਮਾਰ ਵਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸਾਰੇ ਪੰਜਾਬ ਵਿੱਚ ਕਾਸੋ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਵੀ ਇਹ ਖਾਸ ਆਪਰੇਸ਼ਨ ਉਨ੍ਹਾਂ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ ਅਤੇ ਇਸ ਸਮੇਂ ਉਹ ਬਹਾਦੁਰਪੁਰ ਕਲੋਨੀ, ਜਿਸਨੂੰ ਡਰੱਗ ਹਾਟਸਪਾਟ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ, ਵਿੱਚ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਭਗ 18 ਥਾਵਾਂ ‘ਤੇ ਕਾਸੋ ਆਪਰੇਸ਼ਨ ਚੱਲ ਰਿਹਾ ਹੈ, ਜਿਸ ਵਿੱਚ ਕਰੀਬ 500 ਪੁਲਿਸ ਕਰਮਚਾਰੀ ਤੈਨਾਤ ਹਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਲਈ ਜਾਂਦੀ ਹੈ ਅਤੇ ਜਿਹੜੇ ਵਿਅਕਤੀ ਪਹਿਲਾਂ ਹੀ ਨਸ਼ਾ ਤਸਕਰੀ ਨਾਲ ਸੰਬੰਧਿਤ ਸੂਚੀ ਵਿੱਚ ਸ਼ਾਮਲ ਹਨ, ਉਨ੍ਹਾਂ ਦੇ ਘਰਾਂ ਦੀ ਖ਼ਾਸ ਤੌਰ ‘ਤੇ ਜਾਂਚ ਕੀਤੀ ਜਾਂਦੀ ਹੈ। ਬਾਕਸ-- ਡਰੱਗ ਹੈਲਪਲਾਈਨ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਏਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਨਸ਼ਾ ਤਸਕਰੀ ਵਿੱਚ ਲਿਪਤ ਵਿਅਕਤੀਆਂ ਬਾਰੇ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਇਸ ਲਈ ਡਰੱਗ ਹੈਲਪਲਾਈਨ ਵੀ ਚਾਲੂ ਹੈ ਅਤੇ ਹੁਸ਼ਿਆਰਪੁਰ ਤੋਂ ਇਸ ‘ਤੇ ਵਧੀਆ ਰਿਸਪਾਂਸ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮਿਲੀਆਂ 1400 ਜਾਣਕਾਰੀਆਂ ਵਿੱਚੋਂ 800 ਮਾਮਲਿਆਂ ਵਿੱਚ ਐੱਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਏਡੀਜੀਪੀ ਸ਼ਿਵੇ ਕੁਮਾਰ ਵਰਮਾ ਨੇ ਕਿਹਾ ਅਸੀਂ ਅਜਿਹੇ ਇਲਾਕਿਆਂ ਦੀ ਬਾਰ-ਬਾਰ ਚੈਕਿੰਗ ਕਰਾਂਗੇ ਜਿਨ੍ਹਾਂ ਨੂੰ ਹੌਟਸਪੋਟ ਐਲਾਨਿਆ ਗਿਆ ਹੈ। ਕਈ ਵੱਡੇ ਸਮਗਲਰਾਂ ਨੂੰ ਐਨਡੀਪੀਐਸ ਐਕਟ ਤਹਿਤ ਨਜ਼ਰਬੰਦ ਕਰਕੇ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਵੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਸੋ ਆਪਰੇਸ਼ਨ ਦੌਰਾਨ ਬਹਾਦੁਰਪੁਰ ਵਿੱਚ ਪੁਲਿਸ ਨੇ ਘਰ-ਘਰ ਜਾ ਕੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ। ਬਾਕਸ-- 4 ਮਾਮਲੇ ਦਰਜ, ਨਸ਼ੀਲੀਆਂ ਗੋਲੀਆਂ ਤੇ ਪਾਊਡਰ ਬਰਾਮਦ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਸੋ ਦੌਰਾਨ ਅੱਜ ਜ਼ਿਲ੍ਹੇ ਵਿੱਚ ਐੱਨਡੀਪੀਐੱਸ ਐਕਟ ਅਧੀਨ 4 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਇਸ ਮੌਕੇ ਏਡੀਜੀਪੀ ਦੇ ਨਾਲ ਹੁਸ਼ਿਆਰਪੁਰ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ, ਐਸਪੀ ਮੇਜਰ ਸਿੰਘ, ਡੀਐਸਪੀ ਜਗੀਰ ਸਿੰਘ ਅਤੇ ਐਸਐਚਓ ਸਿਟੀ ਗੁਰਸਾਹਿਬ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਪੁਲਿਸ ਦੀ ਇਸ ਕਾਰਵਾਈ ਨਾਲ ਨਸ਼ਾ ਤਸਕਰਾਂ ਵਿੱਚ ਖਲਬਲੀ ਮਚ ਗਈ ਹੈ।