ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਲਈ ਵਿਰਾਸਤੀ ਕੁਇੱਜ਼ ਮੁਕਾਬਲਾ
ਨੌਜਵਾਨ ਪੀੜ੍ਹੀ ਨੂੰ ਅਮੀਰ ਵਿਰਸੇ ਨਾਲ ਜੋੜਨ ਲਈ ਐਮ.ਆਰ.ਪੀ.ਡੀ. ਸਰਕਾਰੀ ਕਾਲਜ ਤਲਵਾੜਾ ਵਿਖੇ ਵਿਰਾਸਤੀ ਕੁਇਜ਼ ਮੁਕਾਬਲਾ ਆਯੋਜਿਤ
Publish Date: Thu, 19 Mar 2026 05:55 PM (IST)
Updated Date: Fri, 20 Mar 2026 04:08 AM (IST)

ਐੱਮਆਰਪੀਡੀ. ਸਰਕਾਰੀ ਕਾਲਜ ਤਲਵਾੜਾ ਨੇ ਕੀਤਾ ਉਪਰਾਲਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵਾੜਾ : ਐੱਮਆਰਪੀਡੀ ਸਰਕਾਰੀ ਕਾਲਜ, ਤਲਵਾੜਾ ਵਿੱਚ ਪ੍ਰਿੰਸੀਪਲ ਡਾ. ਰਾਜੀਵ ਖੋਸਲਾ ਦੀ ਸੁਚੱਜੀ ਅਗਵਾਈ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਪ੍ਰੋ. ਦਲਵਿੰਦਰ ਪਾਲ ਸਿੰਘ ਦੀ ਦੇਖ-ਰੇਖ ਹੇਠ ‘ਵਿਰਾਸਤੀ ਕੁਇਜ਼ ਮੁਕਾਬਲਾ’ ਕਰਵਾਇਆ ਗਿਆ। ਪੰਜਾਬ ਦੇ ਅਮੀਰ ਵਿਰਸੇ, ਇਤਿਹਾਸ ਅਤੇ ਸੱਭਿਆਚਾਰ ’ਤੇ ਅਧਾਰਿਤ ਇਸ ਮੁਕਾਬਲੇ ’ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਮੁਕਾਬਲੇ ਦੌਰਾਨ ਪਾਇਲ ਅਤੇ ਸਿਮਰਨ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਸਿਮਰਨਦੀਪ ਕੌਰ ਅਤੇ ਸੁਮਨਦੀਪ ਕੌਰ ਦੀ ਟੀਮ ਦੂਜੇ ਸਥਾਨ ’ਤੇ ਰਹੀ, ਜਦਕਿ ਸਲੋਨੀ ਤੇ ਨਿਤਿਕਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਯੁਵਕ ਭਲਾਈ ਵਿਭਾਗ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਨੂੰ ਆਪਣੇ ਮਾਣਮੱਤੇ ਪੰਜਾਬੀ ਵਿਰਸੇ ਨਾਲ ਡੂੰਘਾਈ ਵਿੱਚ ਜੋੜਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਡਾਕੂਮੈਂਟਰੀ ਵੀਡੀਓ ਵੀ ਦਿਖਾਈ ਗਈ।ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਰਾਜੀਵ ਖੋਸਲਾ ਨੇ ਕਿਹਾ ਕਿ ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਸਮੇਂ ਦੇ ਨਾਲ ਕਦਮ ਮਿਲਾਉਣਾ ਜਿੰਨਾ ਜ਼ਰੂਰੀ ਹੈ, ਉਸ ਤੋਂ ਵੀ ਵੱਧ ਮਹੱਤਵਪੂਰਨ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡਾ ਸੱਭਿਆਚਾਰ ਅਤੇ ਵਿਰਾਸਤ ਹੀ ਸਾਡੀ ਅਸਲੀ ਪਛਾਣ ਹੈ ਤੇ ਇਸ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਾਲਜ ਵਿੱਚ ਭਵਿੱਖ ਵਿੱਚ ਵੀ ਅਜਿਹੇ ਸਾਰਥਕ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ। ਇਸ ਅਵਸਰ ਤੇ ਯੁਵਕ ਭਲਾਈ ਵਿਭਾਗ ਦੇ ਮੁਖੀ ਪ੍ਰੋ. ਦਲਵਿੰਦਰ ਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆਪਣੇ ਅਮੀਰ ਪੰਜਾਬੀ ਵਿਰਸੇ ਅਤੇ ਮਾਂ-ਬੋਲੀ ਤੋਂ ਦੂਰ ਹੁੰਦੀ ਜਾ ਰਹੀ ਹੈ। ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਪਣੇ ਸੱਭਿਆਚਾਰ ਪ੍ਰਤੀ ਮਾਣ ਅਤੇ ਜਾਗਰੂਕਤਾ ਪੈਦਾ ਕਰਨ ਲਈ ਮਹੱਤਵਪੂਰਨ ਸਾਬਤ ਹੁੰਦੇ ਹਨ।ਪ੍ਰੋਗਰਾਮ ਦੇ ਅੰਤ ਵਿੱਚ ਉਨ੍ਹਾਂ ਨੇ ਪ੍ਰਿੰਸੀਪਲ,ਕਾਲਜ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਤੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ । ਇਸ ਮੌਕੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।