ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਵਿੱਚ ਭਾਵੁਕ ਮਾਹੌਲ
ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਵਿੱਚ ਭਾਵੁਕ ਮਾਹੌਲ, ਡਰਾਈਵਰ ਦੇ ਪਰਿਵਾਰ ਨੂੰ ਬੀਮੇ ਦਾ ਚੈਕ ਭੇਂਟ ਕੀਤਾ
Publish Date: Thu, 19 Mar 2026 05:52 PM (IST)
Updated Date: Fri, 20 Mar 2026 04:08 AM (IST)

ਡਰਾਈਵਰ ਦੇ ਪਰਿਵਾਰ ਨੂੰ ਬੀਮੇ ਦਾ ਚੈਕ ਭੇਂਟ ਕੀਤਾ ਜਗਮੋਹਨ ਸ਼ਰਮਾ ,ਪੰਜਾਬੀ ਜਾਗਰਣ, ਤਲਵਾੜਾ : ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਦਸਮੇਸ਼ ਪਬਲਿਕ ਸਕੂਲ, ਸੀਪਰੀਆਂ ਵਿੱਚ ਅੱਜ ਉਸ ਵੇਲੇ ਭਾਵੁਕ ਮਾਹੌਲ ਬਣ ਗਿਆ, ਜਦੋਂ ਸਕੂਲ ਦੇ ਡਰਾਈਵਰ ਉਪਕਾਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਬੀਮੇ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਸਕੂਲ ਦੀ ਚੇਅਰਪਰਸਨ ਸਰਦਾਰਨੀ ਸੁਖਵਿੰਦਰ ਕੌਰ ਤੇ ਪ੍ਰਿੰਸੀਪਲ ਸੁਮਨ ਸ਼ੁਕਲਾ ਦੀ ਮੌਜੂਦਗੀ ’ਚ ਪੰਜਾਬ ਨੈਸ਼ਨਲ ਬੈਂਕ ਦੇ ਡੀਜੀਐੱਮ ਹੁਸ਼ਿਆਰਪੁਰ ਨਰਿੰਦਰ ਧੀਮਾਨ, ਬਰਾਂਚ ਹਾਜੀਪੁਰ ਦੇ ਮੈਨੇਜਰ ਗਰੀਬ ਦਾਸ, ਮੈਨੇਜਰ ਦਿਨੇਸ਼ ਕੁਮਾਰ ਅਤੇ ਸੀਨੀਅਰ ਮੈਨੇਜਰ ਨਵਦੀਪ ਕੌਰ ਵੱਲੋਂ ਉਪਕਾਰ ਸਿੰਘ ਦੀ ਪਤਨੀ ਸੋਚਾਂ ਦੇਵੀ ਨੂੰ ਬੀਮੇ ਦਾ ਚੈਕ ਸੌਂਪਿਆ ਗਿਆ। ਇਸ ਮੌਕੇ ਚੇਅਰਪਰਸਨ ਸਰਦਾਰਨੀ ਸੁਖਵਿੰਦਰ ਕੌਰ ਨੇ ਕਿਹਾ ਕਿ ਸਕੂਲ ਆਪਣੇ ਸਾਰੇ ਕਰਮਚਾਰੀਆਂ ਨੂੰ ਪਰਿਵਾਰ ਦਾ ਹਿੱਸਾ ਸਮਝਦਾ ਹੈ ਅਤੇ ਉਨ੍ਹਾਂ ਦੀ ਹਰ ਦੁੱਖ-ਸੁੱਖ ਦੀ ਘੜੀ ਵਿੱਚ ਨਾਲ ਖੜ੍ਹਾ ਰਹਿੰਦਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਸਕੂਲ ਪ੍ਰਬੰਧਕ ਕਮੇਟੀ ਇਸ ਪਰਿਵਾਰ ਦੀ ਹਰ ਸੰਭਵ ਮਦਦ ਕਰਦੀ ਰਹੇਗੀ। ਉਪਕਾਰ ਸਿੰਘ ਦੀ ਪਤਨੀ ਸੋਚਾਂ ਦੇਵੀ ਨੇ ਭਾਵੁਕ ਹੋ ਕੇ ਸਕੂਲ ਟਰੱਸਟ ਦੇ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਤੀ ਦੇ ਦੇਹਾਂਤ ਤੋਂ ਬਾਅਦ ਸਕੂਲ ਵੱਲੋਂ ਉਨ੍ਹਾਂ ਨੂੰ ਨੌਕਰੀ ਦੇ ਕੇ ਅਤੇ ਆਰਥਿਕ ਸਹਾਇਤਾ ਕਰਕੇ ਪਰਿਵਾਰ ਨੂੰ ਸੰਭਾਲਣ ਵਿੱਚ ਵੱਡੀ ਮਦਦ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੈਂਕ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ। ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਸਮੇਤ ਟਰੱਸਟ ਮੈਂਬਰ ਸਤਪਾਲ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ, ਹਰਿੰਦਰਜੀਤ ਸਿੰਘ, ਸੁਰਜੀਤ ਸਿੰਘ ਭੱਟੀਆਂ, ਹਰਮਨਜੀਤ ਸਿੰਘ ਅਤੇ ਦਵਿੰਦਰ ਸਿੰਘ ਵੱਲੋਂ ਵੀ ਬੈਂਕ ਦੁਆਰਾ ਕੀਤੇ ਇਸ ਸਰਾਹਣਯੋਗ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ। ਸਮਾਗਮ ਦੌਰਾਨ ਹਾਜ਼ਰ ਸਾਰੇ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਪਕਾਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।