ਬਾਬਾ ਪ੍ਰੇਮ ਦਾਸ ਬਲੱਗਣ ਦੀ ਯਾਦ ’ਚ ਗੁਰਮਤਿ ਸਮਾਗਮ
ਬਾਬਾ ਪ੍ਰੇਮ ਦਾਸ ਬਲੱਗਣ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ
Publish Date: Thu, 19 Mar 2026 05:09 PM (IST)
Updated Date: Fri, 20 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੱਬੇਵਾਲ : ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਲੋਂ ਜਥੇਬੰਦੀ ਦੇ ਮੁਖੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਵਿੱਚ ਸੱਚਖੰਡਵਾਸੀ ਬਾਬਾ ਪ੍ਰੇਮ ਦਾਸ ਬਲੱਗਣ ਦੀ ਯਾਦ ਚ ਗੁਰਮਤਿ ਸਮਾਗਮ ਕਰਵਾਇਆ ਗਿਆ। ਸੱਚਖੰਡਵਾਸੀ ਬਾਬਾ ਪ੍ਰੇਮ ਦਾਸ ਬਲੱਗਣ ਉਹ ਮਹਾਨ ਤਪੱਸਵੀ ਸੰਤ ਮਹਾਂਪੁਰਸ਼ ਸਨ ਜਿਨ੍ਹਾਂ ਦੀ ਭਗਤੀ ਤੋਂ ਖੁਸ਼ ਹੋ ਕੇ ਸੱਤਵੇਂ ਪਾਤਿਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਨੇ ਕੀਰਤਪੁਰ ਸਾਹਿਬ ਤੋਂ ਚੱਲ ਕੇ 2200 ਘੋੜ ਸਵਾਰ ਸਿੰਘਾਂ ਸਮੇਤ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਆ ਕੇ ਬਾਬਾ ਪ੍ਰੇਮ ਦਾਸ ਜੀ ਨੂੰ ਦਰਸ਼ਨ ਦਿੱਤੇ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਭਾਈ ਪਰਮਜੀਤ ਸਿੰਘ, ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬੀਬੀ ਯਸ਼ਪਾਲ ਕੌਰ ਹਰੀਆਂ ਵੇਲਾਂ, ਭਾਈ ਜੁਝਾਰ ਸਿੰਘ, ਭਾਈ ਸੁਰਜੀਤ ਸਿੰਘ ਹੁਸ਼ਿਆਰਪੁਰ, ਭਾਈ ਕਰਮ ਸਿੰਘ ਜਲੰਧਰ, ਕਥਾਵਾਚਕ ਗਿਆਨੀ ਜਸਵਿੰਦਰ ਸਿੰਘ, ਢਾਡੀ ਜਥਾ ਭਾਈ ਕੁਲਜੀਤ ਸਿੰਘ ਉਦੇਸੀਆਂ, ਢਾਡੀ ਜਥਾ ਗਿਆਨੀ ਸੁਖਦੇਵ ਸਿੰਘ ਖੜੌਦੀ ਨੇ ਸੰਗਤਾਂ ਨੂੰ ਕਥਾ ਕੀਰਤਨ ਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਸੰਗਤਾਂ ਨਾਲ ਕਥਾ ਵਿਚਾਰ ਕਰਦਿਆਂ ਸੱਚਖੰਡਵਾਸੀ ਬਾਬਾ ਪ੍ਰੇਮ ਦਾਸ ਬਲੱਗਣ ਦੇ ਇਤਿਹਾਸ ਸਬੰਧੀ ਵਿਸਥਾਰਪੂਰਵਕ ਦੱਸਿਆ ਅਤੇ ਗੁਰਬਾਣੀ ਵਿੱਚ ਦਰਸਾਏ ਸੇਵਾ ਸਿਮਰਨ ਦੇ ਮਾਰਗ ’ਤੇ ਚੱਲਣ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਕਿਹਾ। ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਹਰਿ ਰਾਇ ਪਾਤਸ਼ਾਹੀ ਸੱਤਵੀਂ ਤੋਂ ਵਰ ਪ੍ਰਾਪਤ ਪਵਿੱਤਰ ਮੋਤੀ ਸਰੋਵਰ ਵਿੱਚ ਇਸ਼ਨਾਨ ਕਰਕੇ ਦੇਹ ਆਰੋਗਤਾ ਵਾਸਤੇ ਅਰਦਾਸ ਬੇਨਤੀਆਂ ਕੀਤੀਆਂ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਜਗੀਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪਾਤਸ਼ਾਹੀ ਦਸਵੀਂ, ਬਲਵਿੰਦਰ ਸਿੰਘ ਬਜਰਾਵਰ ਸਮੇਤ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਾਜ਼ਰ ਸਨ।