ਬੀਬੀਐੱਮਬੀ ਦਾ ਸਾਲਾਨਾ ਰੈੱਡ ਕਰਾਸ ਮੇਲਾ 5 ਅਪ੍ਰੈਲ ਨੂੰ ; ਤਿਆਰੀਆਂ ਜ਼ੋਰਾਂ 'ਤੇ
ਤਲਵਾੜਾ ਵਿਖੇ ਬੀਬੀਐਮਬੀ ਦਾ ਸਾਲਾਨਾ ਰੈੱਡ ਕਰਾਸ ਮੇਲਾ 5 ਅਪ੍ਰੈਲ ਨੂੰ; ਤਿਆਰੀਆਂ ਜ਼ੋਰਾਂ 'ਤੇ
Publish Date: Thu, 19 Mar 2026 05:07 PM (IST)
Updated Date: Fri, 20 Mar 2026 04:07 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐਮਬੀ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੈਡ ਕ੍ਰਾਸ ਮੇਲੇ ਦਾ ਆਯੋਜਨ 5 ਅਪ੍ਰੈਲ 2026 ਨੂੰ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਤਿਆਰੀਆਂ ਤੇਜ਼ੀ ਨਾਲ ਜਾਰੀ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਮੇਲੇ ਦਾ ਆਯੋਜਨ ਬੀਬੀਐੱਮਬੀ ਟਾਊਨਸ਼ਿਪ ਦੇ ਸੈਕਟਰ-2 ਸਥਿਤ ਨਰਸਰੀ ਗ੍ਰਾਊਂਡ ਵਿੱਚ ਕੀਤਾ ਜਾਵੇਗਾ, ਜਿਸ ਦਾ ਉਦਘਾਟਨ ਸਵੇਰੇ 10:30 ਵਜੇ ਬੋਰਡ ਦੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ ਅਤੇ ਉਨ੍ਹਾਂ ਦੀ ਧਰਮ ਪਤਨੀ ਦੀਪਤੀ ਤ੍ਰਿਪਾਠੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮੇਲੇ ਵਿੱਚ ਖਾਣ-ਪੀਣ, ਹੱਥਾਂ ਨਾਲ ਤਿਆਰ ਕੀਤੀਆਂ ਵਸਤਾਂ ਅਤੇ ਸਿਹਤ ਸੰਭਾਲ ਨਾਲ ਸੰਬੰਧਿਤ ਵੱਖ-ਵੱਖ ਸਟਾਲ ਲੋਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ, ਮੇਲੇ ਦੇ ਅੰਤ ਵਿੱਚ ਲੱਕੀ ਡਰਾਅ ਵੀ ਕੱਢੇ ਜਾਣਗੇ, ਜਿਨ੍ਹਾਂ ਵਿੱਚ ਐੱਲਈਡੀ ਸਮਾਰਟ ਟੀਵੀ, ਰੈਫ੍ਰੀਜਰੇਟਰ, ਟੈਬਲੈਟ, ਗੀਅਰ ਤੇ ਡਿਸਕ ਬ੍ਰੇਕ ਵਾਲੀ ਸਾਈਕਲ, ਮੋਬਾਈਲ, ਮਾਈਕ੍ਰੋਵੇਵ ਓਵਨ, ਸਮਾਰਟ ਵਾਚ, ਸਮਾਰਟ ਬੈਂਡ, ਬਲੂਟੂਥ ਸਪੀਕਰ ਅਤੇ ਇਲੈਕਟ੍ਰਿਕ ਚਾਪਰ ਸਮੇਤ ਹੋਰ ਇਨਾਮ ਸ਼ਾਮਲ ਹਨ। ਮੇਲੇ ਦੌਰਾਨ ਰੁਚਿਕਰ ਖੇਡਾਂ ਦਾ ਵੀ ਆਯੋਜਨ ਕੀਤਾ ਜਾਵੇਗਾ, ਜੋ ਖਾਸ ਤੌਰ ‘ਤੇ ਬੱਚਿਆਂ ਅਤੇ ਪਰਿਵਾਰਾਂ ਲਈ ਆਕਰਸ਼ਣ ਦਾ ਕੇਂਦਰ ਬਣਨਗੀਆਂ। ਬੀਬੀਐਮਬੀ ਪ੍ਰਸ਼ਾਸਨ ਵੱਲੋਂ ਇਸ ਮੇਲੇ ਨੂੰ ਯਾਦਗਾਰੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਬੀਬੀਐੱਮਬੀ ਰੈਡ ਕ੍ਰਾਸ ਸੰਸਥਾ ਦੀ ਚੇਅਰਪਰਸਨ ਸੀਮਾ ਗੁਪਤਾ ਨੇ ਦੱਸਿਆ ਕਿ ਮੇਲੇ ਤੋਂ ਹੋਣ ਵਾਲੀ ਆਮਦਨ ਰੈਡ ਕ੍ਰਾਸ ਵੱਲੋਂ ਗਰੀਬ, ਬੇਸਹਾਰਾ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਵਰਤੀ ਜਾਂਦੀ ਹੈ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 5 ਅਪ੍ਰੈਲ ਨੂੰ ਹੋਣ ਵਾਲੇ ਇਸ ਮੇਲੇ ਵਿੱਚ ਵੱਧ-ਚੜ੍ਹ ਕੇ ਭਾਗ ਲੈਣ।