ਹਰਿਆਣਾ ਵਿਖ਼ੇ ਪਹਿਲਾ ਮਹਾਨ ਕੀਰਤਨ ਦਰਬਾਰ 22 ਨੂੰ
ਵਾਰਿਸ ਬਾਬਾ ਬਘੇਲ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਹਰਿਆਣਾ ਵਿਖ਼ੇ ਪਹਿਲਾ ਮਹਾਨ ਕੀਰਤਨ ਦਰਬਾਰ 22 ਨੂੰ
Publish Date: Thu, 19 Mar 2026 04:50 PM (IST)
Updated Date: Fri, 20 Mar 2026 04:05 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ : ਵਾਰਿਸ ਬਾਬਾ ਬਘੇਲ ਸਿੰਘ ਵੈੱਲਫੇਅਰ ਸੋਸਾਇਟੀ ਹਰਿਆਣਾ ਵੱਲੋਂ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ, ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ,ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਖਾਲਸਾ ਫੌਜਾਂ ਵੱਲੋਂ ਮੁਗਲੀਆ ਸਲਤਨਤ ਨੂੰ ਲਲਕਾਰਦਿਆਂ ਦਿੱਲੀ ਫਤਹਿ ਕਰਨ ਦੇ ਮਹਾਨ ਦਿਵਸ ਨੂੰ ਸਮਰਪਿਤ ਪਹਿਲਾ ਮਹਾਨ ਕੀਰਤਨ ਦਰਬਾਰ 22 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੱਲਰ ਖਾਲਸਾ ਸਕੂਲ ਹਰਿਆਣਾ ਦੀ ਗਰਾਉਂਡ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਾਰਿਸ ਬਾਬਾ ਬਘੇਲ ਸਿੰਘ ਵੈਲਫੇਅਰ ਸੋਸਾਇਟੀ ਹਰਿਆਣਾ ਦੇ ਚੇਅਰਮੈਨ ਜਸਵੀਰ ਸਿੰਘ ਅਤੇ ਪ੍ਰਧਾਨ ਤੇਜਪਾਲ ਸਿੰਘ ਨੇ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ, ਇਕਬਾਲ ਸਿੰਘ ਹਰਿਆਣਾ ਦੀ ਹਾਜ਼ਰੀ ਵਿੱਚ ਦੱਸਿਆ ਕਿ ਇਸ ਮਹਾਨ ਕੀਰਤਨ ਦਰਬਾਰ ਵਿੱਚ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਆਮਦ ਨੂੰ ਮੁੱਖ ਰੱਖਦਿਆਂ ਸਾਰੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਉਹਨਾਂ ਦੱਸਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮਹਾਨ ਕੀਰਤਨ ਦਰਬਾਰ ਲਈ ਸਮੂਹ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਿੱਖ ਪੰਥ ਦੀਆਂ ਸਿਰਮੌਰ ਸੰਪਰਦਾਵਾਂ ਦੇ ਮੁਖੀਆਂ ਨੂੰ ਸੱਦਾ ਪੱਤਰ ਭੇਜੇ ਜਾ ਚੁੱਕੇ ਹਨ, ਜੋ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਕੀਰਤਨ ਦਰਬਾਰ ਵਿੱਚ ਵੱਖ-ਵੱਖ ਪੰਥ ਪ੍ਰਸਿੱਧ ਕੀਰਤਨੀ ਜਥੇ,ਢਾਡੀ ਜਥੇ ਅਤੇ ਸੰਤ ਮਹਾਂਪੁਰਖ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਗੂਰੂ ਚਰਨਾਂ ਨਾਲ ਜੋੜਨਗੇ। ਇਸ ਤੋਂ ਇਲਾਵਾ ਇਸ ਕੀਰਤਨ ਦਰਬਾਰ ਵਿੱਚ ਸਿੱਖ ਮਿਸ਼ਨਰੀ ਕਾਲਜ ਵੱਲੋਂ ਧਾਰਮਿਕ ਪੁਸਤਕਾਂ ਦੀ ਪ੍ਰਦਰਸ਼ਨੀ ਅਤੇ ਉਬਰਾਏ ਹੋਮਿਓਪੈਥਿਕ ਕੇਂਦਰ ਵੱਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਸਮੂਹ ਇਲਾਕਾ ਵਾਸੀ ਸੰਗਤਾਂ ਨੂੰ ਇਸ ਪਹਿਲੇ ਮਹਾਨ ਕੀਰਤਨ ਦਰਬਾਰ ਵਿੱਚ ਹੁਮ ਹੁਮਾ ਕੇ ਹਾਜ਼ਰੀਆਂ ਭਰਨ ਅਤੇ ਪੰਥ ਦੇ ਮਹਾਨ ਜਰਨੈਲਾਂ ਵੱਲੋਂ ਦਿੱਲੀ ਫਤਿਹ ਕਰਨ ਦੀਆਂ ਇਤਿਹਾਸਿਕ ਗਾਥਾਵਾਂ ਨਾਲ ਆਪਣੀ ਸਾਂਝ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਗੂਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ।