ਵਿਦਿਆਰਥਣਾਂ ਨੇ ਉਦਯੋਗਿਕ ਪ੍ਰਣਾਲੀ ਬਾਰੇ ਹਾਸਲ ਕੀਤਾ ਗਿਆਨ
ਵਿਦਿਆਰਥਣਾਂ ਨੇ ਉਦਯੋਗਿਕ ਪ੍ਰਣਾਲੀ ਬਾਰੇ ਹਾਸਲ ਕੀਤਾ ਗਿਆਨ
Publish Date: Thu, 19 Mar 2026 04:48 PM (IST)
Updated Date: Fri, 20 Mar 2026 04:04 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਕਾਮਰਸ ਵਿਭਾਗ ਵੱਲੋਂ ਬੀਬੀਏ ਸਮੈਸਟਰ ਤੀਜਾ ਅਤੇ ਐੱਮਕਾਮ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਲਈ ਇੰਡਿਅਨ ਸੁਕਰੋਜ਼ ਲਿਮਿਟਡ (ਗੰਨਾ ਮਿੱਲ) ਮੁਕੇਰੀਆਂ ਵਿਖੇ ਇੱਕ ਵਿੱਦਿਅਕ-ਉਦਯੋਗਿਕ ਦੌਰੇ ਦਾ ਆਯੋਜਨ ਕੀਤਾ ਗਿਆ। ਇਹ ਦੌਰਾ ਕਾਲਜ ਦੇ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮੇਂ ਪ੍ਰੋਫੈੱਸਰ ਸੁਮਨ ਦੇਵੀ ਅਤੇ ਸਹਾਇਕ ਪ੍ਰੋਫੈੱਸਰ ਸੁਰਭੀ ਕੁੰਦਰਾ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੇ ਉਦਯੋਗ ਦੀ ਉਤਪਾਦਨ ਪ੍ਰਕਿਰਿਆ, ਆਧੁਨਿਕ ਮਸ਼ੀਨਰੀ ਅਤੇ ਪ੍ਰਬੰਧਕੀ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਕੰਪਨੀ ਦੇ ਅਧਿਕਾਰੀ ਲਖਵੀਰ ਸਿੰਘ ਅਤੇ ਸੰਜੀਵ ਨੇ ਵਿਦਿਆਰਥਣਾਂ ਨੂੰ ਖੰਡ ਤਿਆਰ ਕਰਨ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਅਤੇ ਪਾਵਰ ਪਲਾਂਟ ਦੇ ਸੰਚਾਲਨ ਤੋਂ ਜਾਣੂ ਕਰਵਾਇਆ। ਇਹ ਉਦਯੋਗਿਕ ਦੌਰਾ ਵਿਦਿਆਰਥਣਾਂ ਲਈ ਬਹੁਤ ਹੀ ਲਾਭਕਾਰੀ ਸਿੱਧ ਹੋਇਆ ਤੇ ਇਸ ਨਾਲ ਉਨ੍ਹਾਂ ਨੂੰ ਆਪਣੇ ਸਿਧਾਂਤਕ ਗਿਆਨ ਨੂੰ ਅਮਲੀ ਰੂਪ ਵਿੱਚ ਸਮਝਣ ਦਾ ਮੌਕਾ ਮਿਲਿਆ ਤੇ ਉਦਯੋਗਿਕ ਖੇਤਰ ਦੀ ਅਸਲੀ ਕਾਰਗੁਜ਼ਾਰੀ ਬਾਰੇ ਵੀ ਗਹਿਰਾਈ ਨਾਲ ਜਾਣਕਾਰੀ ਪ੍ਰਾਪਤ ਹੋਈ। ਇਸ ਮੌਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟ ਮੈਂਬਰਾਂ ਨੇ ਦੌਰੇ ਦੇ ਆਯੋਜਕਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਵਿਹਾਰਿਕ ਗਿਆਨ ਨਾਲ ਭਰਪੂਰ ਦੌਰੇ ਕਰਵਾਉਣ ਲਈ ਪ੍ਰੇਰਿਤ ਕੀਤਾ।