ਹੁਸ਼ਿਆਰਪੁਰ ਵਿਖੇ ਅਧਿਆਪਕਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ; 'ਟੈੱਟ' ਦੀ ਸ਼ਰਤ ਅਤੇ ਪੁਲਿਸ ਜਬਰ ਵਿਰੁੱਧ ਖੋਲ੍ਹਿਆ ਮੋਰਚਾ
ਟੈੱਟ ਦੀ ਸ਼ਰਤ ਅਤੇ ਪੁਲਿਸ ਜਬਰ ਵਿਰੁੱਧ ਖੋਲ੍ਹਿਆ ਮੋਰਚਾ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸਾਂਝਾ ਅਧਿਆਪਕ ਮੋਰਚਾ ਅਤੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਬਸ ਸਟੈਂਡ ਚੌਕ ਹੁਸ਼ਿਆਰਪੁਰ ਵਿਖੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਫੂਕਿਆ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਸੁਰਜੀਤ ਰਾਜਾ, ਸੰਜੀਵ ਧੂਤ, ਵਿਕਾਸ ਸ਼ਰਮਾ, ਉਪਕਾਰ ਪੱਟੀ, ਜਸਵੀਰ ਸਿੰਘ, ਹਰਭਜਨ ਸਿੰਘ, ਬਲਜੀਤ ਮਹਿਮੋਵਾਲ, ਅੰਜੂ ਸਹਿਗਲ, ਪਰਮਜੀਤ ਕੌਰ ਸੂਚ, ਜਰਨੈਲ ਸਿੰਘ ਅਤੇ ਜਤਿੰਦਰ ਸੋਨੀ ਨੇ ਕੀਤੀ। ਅਧਿਆਪਕਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸੁਪਰੀਮ ਕੋਰਟ ਰਾਹੀਂ ਟੈੱਟ ਦੀ ਬੇਲੋੜੀ ਅਤੇ ਗੈਰਵਿਧਾਨਿਕ ਸ਼ਰਤ ਜਬਰਨ ਲਾਗੂ ਕੀਤੀ ਜਾ ਰਹੀ ਹੈ, ਜਦਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਇਸ ਮਾਮਲੇ ’ਤੇ ਕੋਈ ਬਿੱਲ ਨਹੀਂ ਲਿਆਂਦਾ ਅਤੇ ਨਾ ਹੀ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਾਖਲ ਕੀਤੀ। ਅਧਿਆਪਕ ਆਗੂਆਂ ਨੇ ਕਿਹਾ ਕਿ ਸੰਘਰਸ਼ ਦੌਰਾਨ ਅਧਿਆਪਕਾਂ ਉੱਤੇ ਕਥਿਤ ਤੌਰ ਤੇ ਜਲ ਤੋਪਾਂ, ਲਾਠੀਚਾਰਜ ਅਤੇ ਅਥਰੂ ਗੈਸ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਜਖਮੀ ਕੀਤਾ ਗਿਆ, ਜਿਸ ਨਾਲ ਅਧਿਆਪਕਾਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਇਸ ਪੁਲਿਸ ਜਬਰ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਅਧਿਆਪਕਾਂ ਦੀਆਂ ਮੁੱਖ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਕਥਿਤ ਤਸ਼ੱਦਦ ਦੀ ਨੀਤੀ ਅਪਣਾਈ ਹੈ। ਪੁਰਾਣੀ ਪੈਨਸ਼ਨ ਸਕੀਮ ਅਜੇ ਤੱਕ ਲਾਗੂ ਨਹੀਂ ਹੋਈ, ਤਨਖਾਹ ਦੁਹਰਾਈ ਦੇ ਬਕਾਏ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਜੇ ਵੀ ਬਾਕੀ ਹਨ, ਜਦਕਿ ਕਈ ਭੱਤੇ ਬੰਦ ਹੀ ਪਏ ਹਨ। ਸਕੂਲਾਂ ਵਿੱਚ ਅਧਿਆਪਕਾਂ ਅਤੇ ਮੁਖੀਆਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ, ਪਰ ਭਰਤੀ ਨਹੀਂ ਕੀਤੀ ਜਾ ਰਹੀ। ਇਸ ਤੋਂ ਇਲਾਵਾ ਕਈ ਅਧਿਆਪਕਾਂ ਨੂੰ ਤਨਖਾਹ ਵੀ ਸਮੇਂ ਸਿਰ ਨਹੀਂ ਮਿਲ ਰਹੀ। ਇਸ ਪ੍ਰਦਰਸ਼ਨ ਵਿੱਚ ਸੁਨੀਲ ਸ਼ਰਮਾ, ਬਹਾਦਰ ਸਿੰਘ, ਮਨੋਹਰ ਸਿੰਘ ਬੈਂਸ, ਸੁਖਵਿੰਦਰ ਸਿੰਘ ਸਹੋਤਾ, ਨੀਰਜ ਕੁਮਾਰ, ਸਚਿਨ ਕੁਮਾਰ, ਜਸਵਿੰਦਰ ਪਾਲ, ਰਣਵੀਰ ਸਿੰਘ, ਪ੍ਰਵੀਨ ਕੁਮਾਰ, ਨੰਦ ਰਾਮ, ਹਰਪ੍ਰੀਤ ਧੂਤ, ਦਵਿੰਦਰ ਸਿੰਘ, ਮੁਕੇਸ਼ ਕੁਮਾਰ, ਸੁਸ਼ੀਲ ਪਠਾਣੀਆਂ, ਅਸ਼ਵਨੀ ਕੁਮਾਰ, ਰੇਸ਼ਮ ਸਿੰਘ, ਗੁਰਵਿੰਦਰ ਜੱਜ, ਸੁਰਜੀਤ ਕਲਸੀ, ਪਰਮਜੀਤ ਟਾਹਲੀਵਾਲ, ਬਰਜਿੰਦਰ ਕੁਮਾਰ, ਲੈਕਚਰਾਰ ਸੁਖਦੇਵ ਸਿੰਘ, ਦੀਪਕ ਸ਼ਰਮਾ, ਤਰਸੇਮ ਸਿੰਘ, ਅਸ਼ੋਕ ਕੁਮਾਰ, ਰਾਜ ਕੁਮਾਰ, ਹਰਬਲਾਸ, ਰਵਿੰਦਰ ਰਵੀ, ਰਾਮਧਨ, ਜੀਵਨ ਲਾਲ, ਰੋਸ਼ਨ ਲਾਲ, ਪਵਨਵੀਰ ਸਿੰਘ, ਸੰਜੀਵ ਕੁਮਾਰ ਮਾਨਾ, ਜਤਿੰਦਰ ਵਡਪੱਗਾ, ਪ੍ਰਵੀਨ ਕਬੀਰਪੁਰ, ਸਤਵਿੰਦਰ ਸਿੰਘ, ਰਕੇਸ਼ ਕੁਮਾਰ, ਅਨੂਪਮ ਰਤਨ, ਰੇਨੂ ਸ਼ਰਮਾ, ਵਰਿੰਦਰ ਕੌਰ, ਗੁਰਜੀਤ ਕੌਰ, ਰਤਨਜੀਤ ਕੌਰ, ਸੀਮਾ, ਅਮਰਿੰਦਰ ਕੌਰ, ਗੁਰਿੰਦਰਜੀਤ ਕੌਰ, ਨਿਸ਼ਾ ਕੁਮਾਰੀ, ਕੁਲਦੀਪ, ਰਵਿੰਦਰ ਕੁਮਾਰ, ਵਿਸ਼ਾਲ ਸ਼ਰਮਾ ਅਤੇ ਮਨੀਰ ਨਈਅਰ ਆਦਿ ਹਾਜ਼ਰ ਸਨ।