ਸਮਾਜਿਕ ਤੇ ਆਰਥਿਕ ਖੇਤਰਾਂ 'ਚ ਵੀ ਅੱਗੇ ਆਉਣ ਮਹਿਲਾਵਾਂ - ਬੀਬੀ ਹਰਪਿੰਦਰ ਕੌਰ
ਸਮਾਜਿਕ ਤੇ ਆਰਥਿਕ ਖੇਤਰਾਂ 'ਚ ਵੀ ਅੱਗੇ ਆਉਣਾ ਮਹਿਲਾਵਾਂ - ਬੀਬੀ ਹਰਪਿੰਦਰ ਕੌਰ
Publish Date: Wed, 18 Mar 2026 03:23 PM (IST)
Updated Date: Wed, 18 Mar 2026 03:25 PM (IST)
- ਪਿੰਡ ਮਹੱਦਪੁਰ ਵਿੱਚ ਮਹਿਲਾਵਾਂ ਲਈ ਸਿਹਤ ਅਤੇ ਸਸ਼ਕਤੀਕਰਨ ਕੈਂਪ ਲਗਾਇਆ
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਨੇੜਲੇ ਪਿੰਡ ਮਹੱਦਪੁਰ ਵਿਖੇ ਮਹਿਲਾਵਾਂ ਦੇ ਸਸ਼ੱਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਮਾਨਵਤਾ ਵੈੱਲਫੇਅਰ ਸੁਸਾਇਟੀ ਵੱਲੋਂ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਗੁਲਜ਼ਾਰ ਗਰੁੱਪ ਦੇ ਸਰਪ੍ਰਸਤ ਬੀਬੀ ਹਰਪਿੰਦਰ ਕੌਰ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਪਿੰਡ ਪਹੁੰਚਣ ‘ਤੇ ਮਹੱਦਪੁਰ ਦੇ ਸਰਪੰਚ, ਮੈਂਬਰ ਪੰਚਾਇਤ ਅਤੇ ਪਿੰਡ ਦੀਆਂ ਮਹਿਲਾਵਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕੈਂਪ ਨੇ ਮਹਿਲਾਵਾਂ ’ਚ ਨਵਾਂ ਉਤਸ਼ਾਹ ਪੈਦਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ।
ਕੈਂਪ ਦੌਰਾਨ ਮਾਨਵਤਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਯਸ਼ਕਰਨ ਸਿੰਘ ਨੇ ਮਹਿਲਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਿੰਡ ਦੀ ਤਰੱਕੀ ’ਚ ਮਹਿਲਾਵਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇਕੱਠੀਆਂ ਹੋ ਕੇ ਮਹਿਲਾ ਸੰਗਠਨ ਬਣਾਉਣ ਅਤੇ ਸਾਂਝੇ ਤੌਰ ‘ਤੇ ਸਮਾਜਿਕ ਅਤੇ ਆਰਥਿਕ ਗਤੀਵਿਧੀਆਂ ਵਿੱਚ ਭਾਗ ਲੈਣ। ਉਨ੍ਹਾਂ ਭਰੋਸਾ ਦਿਵਾਇਆ ਕਿ ਮਾਨਵਤਾ ਵੈੱਲਫੇਅਰ ਸੁਸਾਇਟੀ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਸਮੇਂ ਬੀਬੀ ਹਰਪਿੰਦਰ ਕੌਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮਹਿਲਾਵਾਂ ਨੂੰ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਮਾਜਿਕ ਅਤੇ ਆਰਥਿਕ ਖੇਤਰਾਂ ’ਚ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਮਹਿਲਾਵਾਂ ਆਪਸੀ ਸਹਿਯੋਗ ਨਾਲ ਇਕਜੁੱਟ ਹੋ ਕੇ ਕੰਮ ਕਰਨ, ਤਾਂ ਕੋਈ ਵੀ ਚੁਣੌਤੀ ਵੱਡੀ ਨਹੀਂ ਰਹਿੰਦੀ। ਉਨ੍ਹਾਂ ਜ਼ੋਰ ਦਿੱਤਾ ਕਿ ਸੰਗਠਨ ਦੀ ਤਾਕਤ ਨਾਲ ਪਿੰਡ ਦੀ ਭਲਾਈ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਕਦਮ ਚੁੱਕੇ ਜਾ ਸਕਦੇ ਹਨ। ਕੈਂਪ ਦੌਰਾਨ ਬੀਬੀ ਹਰਪਿੰਦਰ ਕੌਰ ਨੇ ਪਿੰਡ ਦੀਆਂ ਮਹਿਲਾਵਾਂ ਨੂੰ ਮੁੱਫ਼ਤ ਔਰਗੈਨਿਕ ਸੈਨਟਰੀ ਪੈਡ ਵੀ ਵੰਡੇ ਤੇ ਸਿਹਤ ਅਤੇ ਸਫ਼ਾਈ ਪ੍ਰਤੀ ਜਾਗਰੂਕਤਾ ਫ਼ੈਲਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਮਹੱਦਪੁਰ ਦੇ ਮੌਜੂਦਾ ਸਰਪੰਚ ਸਤਪਾਲ, ਪੰਚਾਇਤ ਮੈਂਬਰ ਇੰਦੂ ਬਾਲਾ, ਸੁਭੱਦਰਾ, ਰਾਜੀਵ ਕੁਮਾਰ (ਐਕਸ ਸਰਵਿਸਮੈਨ) ਸਮੇਤ ਵੱਡੀ ਗਿਣਤੀ ’ਚ ਪਿੰਡ ਦੀਆਂ ਮਹਿਲਾਵਾਂ ਹਾਜ਼ਰ ਸਨ।