ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਜਾਗਰੂਕਤਾ ਵਰਕਸ਼ਾਪ ਕਰਵਾਈ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰਿਆਤ ਬਹਿਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਜਾਗਰੂਕਤਾ ਵਰਕਸ਼ਾਪ ਆਯੋਜਿਤ
Publish Date: Tue, 17 Mar 2026 05:40 PM (IST)
Updated Date: Wed, 18 Mar 2026 04:10 AM (IST)
ਐਚ ਐਸ ਪੀ 19 : ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਆਯੋਜਿਤ ਨਸ਼ਾ ਵਿਰੋਧੀ ਜਾਗਰੂਕਤਾ ਵਰਕਸ਼ਾਪ ਦੌਰਾਨ ਸੰਬੋਧਨ ਕਰਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ।
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਸੁਸਾਇਟੀ ਵੱਲੋਂ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਡਾ. ਜਸਲੀਨ ਕੌਰ, ਨਿਸ਼ਾ ਰਾਣੀ, ਪ੍ਰਸ਼ਾਂਤ ਆਦਿਆ ਅਤੇ ਤਹਿਰੀਨ ਬਸਰਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਰਹੇ। ਵਰਕਸ਼ਾਪ ਦੌਰਾਨ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਪਿੰਡਾਂ ਦੇ ਪਹਿਰੇਦਾਰ ਅਤੇ ਵੀ.ਡੀ.ਸੀ. ਮੈਂਬਰ ਬਣ ਕੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ਾਖੋਰੀ ਇੱਕ ਗੰਭੀਰ ਸਮਾਜਿਕ ਅਤੇ ਸਿਹਤ ਸੰਬੰਧੀ ਸਮੱਸਿਆ ਹੈ, ਜਿਸ ਤੋਂ ਬਚਾਅ ਲਈ ਲਗਾਤਾਰ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਜਸਲੀਨ ਕੌਰ ਨੇ ਨਸ਼ਿਆਂ ਦੇ ਨੁਕਸਾਨਦਾਇਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਦਕਿ ਨਿਸ਼ਾ ਰਾਣੀ ਨੇ ਸਰੀਰਕ, ਮਾਨਸਿਕ ਅਤੇ ਸਮਾਜਿਕ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਕਾਉਂਸਲਰ ਪ੍ਰਸ਼ਾਂਤ ਆਦਿਆ ਨੇ ਦੱਸਿਆ ਕਿ ਜਿਲ੍ਹੇ ਵਿੱਚ ਨਸ਼ਾ ਮੁਕਤੀ ਸੇਵਾਵਾਂ ਮੁਫਤ ਉਪਲਬਧ ਹਨ ਅਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਆ ਸਮੇਤ ਕਈ ਕੇਂਦਰਾਂ ‘ਤੇ ਇਲਾਜ ਕੀਤਾ ਜਾ ਰਿਹਾ ਹੈ। ਤਹਿਰੀਨ ਬਸਰਾ ਵੱਲੋਂ ਮੁਹਿੰਮ ਅਧੀਨ ਚਲ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ‘ਤੇ ਲੈਕਚਰ ਅਤੇ ਸਕਿੱਟ ਪੇਸ਼ ਕੀਤੇ ਗਏ। ਪੋਸਟਰ ਮੇਕਿੰਗ ਮੁਕਾਬਲੇ ’ਚ 59 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਪੱਲਵੀ ਦੇਵੀ ਤੇ ਨੇਹਾ ਕੁਮਾਰੀ ਨੇ ਪਹਿਲਾ ਸਥਾਨ, ਸ਼ਿਵਾਨੀ ਅਤੇ ਅਮਨਦੀਪ ਨੇ ਦੂਜਾ ਸਥਾਨ ਅਤੇ ਨਿਤਿਕਾ ਤੇ ਹਿਤਾਂਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।