ਬਾਲ ਭਿੱਖਿਆ ਰੋਕੂ ਟਾਸਕ ਫੋਰਸ ਦੀ ਛਾਪੇਮਾਰੀ; 3 ਬੱਚੇ ਕਰਵਾਏ ਮੁਕਤ
ਦਸੂਹਾ ਵਿਖੇ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਦੀ ਛਾਪੇਮਾਰੀ; 3 ਬੱਚੇ ਕਰਵਾਏ ਮੁਕਤ
Publish Date: Tue, 17 Mar 2026 05:22 PM (IST)
Updated Date: Wed, 18 Mar 2026 04:08 AM (IST)

ਐਚ ਐਸ ਪੀ 16 : ਦਸੂਹਾ ਵਿਖੇ ਚੈਕਿੰਗ ਦੌਰਾਨ ਬੱਚਿਆਂ ਨੂੰ ਮੁਕਤ ਕਰਵਾਉਣ ਉਪਰੰਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਮੈਂਬਰ ਅਤੇ ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਬਾਲ ਭਿੱਖਿਆ ਦੀ ਰੋਕਥਾਮ ਲਈ ਚਲਾਏ ਜਾ ਰਹੇ ਪ੍ਰਾਜੈਕਟ ਜੀਵਨਜੋਤ-2 ਤਹਿਤ ਬਾਲ ਭਿਖਿਆ ਰੋਕੂ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਦਸੂਹਾ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਰੇਲਵੇ ਸਟੇਸ਼ਨ, ਬੱਸ ਅੱਡਾ, ਹਾਜੀਪੁਰ ਚੌਕ ਅਤੇ ਬਲੱਗਣਾ ਚੌਂਕ ਵਿੱਚ ਰੇਡ ਕਰਕੇ ਲੋਕਾਂ ਨੂੰ ਬਾਲ ਭਿੱਖਿਆ ਦੇ ਨੁਕਸਾਨਦਾਇਕ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸਮੇਂ-ਸਮੇਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਇਹ ਚੈਕਿੰਗ ਭਲਾਈ ਕਮੇਟੀ ਦੀ ਚੇਅਰਪਰਸਨ ਦੀ ਅਗਵਾਈ ਵਿਚ ਹਰਜੀਤ ਕੌਰ ਦੀ ਟੀਮ ਦੁਆਰਾ ਬਾਲ ਭਿਖਿਆ ਰੋਕੂ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਨਾਲ ਕੀਤੀ ਗਈ ਜਿਸ ਦੌਰਾਨ ਹਾਜੀਪੁਰ ਤੋਂ 3 ਬੱਚੇ ਬਾਲ ਭਿੱਖਿਆ ਤੋਂ ਮੁਕਤ ਕਰਵਾਏ ਗਏ ਅਤੇ ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਸਾਹਮਣੇ ਪੇਸ਼ ਕੀਤਾ ਗਿਆ। ਬਾਲ ਭਲਾਈ ਕਮੇਟੀ ਵਲੋਂ ਬੱਚਿਆਂ ਦੀ ਕੌਸਲਿੰਗ ਕੀਤੀ ਗਈ ਅਤੇ ਬੱਚਿਆਂ ਦੀ ਭਲਾਈ ਨੂੰ ਮੁੱਖ ਰਖੱਦੇ ਹੋਏ ਉਨ੍ਹਾਂ ਨੂੰ ਨਾਰੀ ਨਿਕੇਤਨ, ਜਲੰਧਰ ਵਿਖੇ ਦਾਖਲ ਕਰਵਾਇਆ ਗਿਆ। ਚੇਅਰਪਰਸਨ ਬਾਲ ਭਲਾਈ ਕਮੇਟੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਥਾਂ ‘ਤੇ ਕੋਈ ਬੱਚਾ ਭੀਖ ਮੰਗਦਾ ਜਾਂ ਬਾਲ ਮਜ਼ਦੂਰੀ ਕਰਦਾ ਮਿਲੇ, ਤਾਂ ਇਸ ਦੀ ਸੂਚਨਾ ਤੁਰੰਤ ਬਾਲ ਹੈਲਪਲਾਈਨ ਨੰਬਰ 1098 ‘ਤੇ ਦਿੱਤੀ ਜਾਵੇ, ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਜੀਵਨ ਦਿੱਤਾ ਜਾ ਸਕੇ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਚੈਕਿੰਗ ਮੁਹਿੰਮਾਂ ਪਹਿਲਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਮਾਤਾ-ਪਿਤਾ ਆਪਣੇ ਬੱਚਿਆਂ ਤੋਂ ਭਿੱਖ ਮੰਗਵਾਉਂਦਾ ਪਾਇਆ ਗਿਆ, ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੈਂਬਰ ਬਾਲ ਭਲਾਈ ਕਮੇਟੀ ਜਗਦੀਸ਼ ਮਿੱਤਰ, ਕੇਸ ਵਰਕਰ ਜਸਵਿੰਦਰ ਸਿੰਘ ਅਤੇ ਦਸੂਹਾ ਪੁਲਿਸ ਦੇ ਕਰਮਚਾਰੀ ਵੀ ਮੌਜੂਦ ਸਨ।