ਗੈਸ ਸਿਲੰਡਰਾਂ ਦੀ ਕਿੱਲਤ ਦੇ ਬਾਵਜੂਦ ਸਕੂਲਾਂ 'ਚ ਮਿਡ-ਡੇ ਮੀਲ ਰਹੇਗਾ ਜਾਰੀ; ਬਦਲਵਾਂ ਬਾਲਣ ਵਰਤਣ ਦੇ ਹੁਕਮ
ਗੈਸ ਸਿਲੰਡਰਾਂ ਦੀ ਕਿੱਲਤ ਦੇ ਬਾਵਜੂਦ ਸਕੂਲਾਂ 'ਚ ਮਿਡ-ਡੇਅ ਮੀਲ ਰਹੇਗਾ ਜਾਰੀ; ਵਿਕਲਪਕ ਬਾਲਣ ਵਰਤਣ ਦੇ ਹੁਕਮ
Publish Date: Tue, 17 Mar 2026 04:47 PM (IST)
Updated Date: Wed, 18 Mar 2026 04:07 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਰਾਜ ਮਿਡ-ਡੇ ਮੀਲ ਸੁਸਾਇਟੀ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ ਪ੍ਰਧਾਨ ਮੰਤਰੀ ਪੋਸ਼ਣ (ਮਿਡ-ਡੇ ਮੀਲ) ਯੋਜਨਾ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਧਿਕਾਰਤ ਸੂਤਰਾਂ ਅਨੁਸਾਰ ਸੁਸਾਇਟੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਸਾਰੇ ਸਕੂਲਾਂ ਨੂੰ ਆਦੇਸ਼ ਦਿੱਤੇ ਹਨ ਕਿ ਜੇਕਰ ਗੈਸ ਸਿਲੰਡਰਾਂ ਦੀ ਉਪਲਬਧਤਾ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਮਿਡ-ਡੇਅ ਮੀਲ ਕਿਸੇ ਵੀ ਹਾਲਤ ਵਿੱਚ ਬੰਦ ਨਾ ਕੀਤਾ ਜਾਵੇ। ਭੋਜਨ ਤਿਆਰ ਕਰਨ ਲਈ ਸਕੂਲਾਂ ਨੂੰ ਲੱਕੜ, ਕੋਲਾ ਜਾਂ ਹੋਰ ਉਪਲਬਧ ਸਰੋਤਾਂ ਵਰਗੇ ਵਿਕਲਪਕ ਬਾਲਣ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਹਰ ਰੋਜ਼ ਪੌਸ਼ਟਿਕ ਭੋਜਨ ਪ੍ਰਦਾਨ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਲਈ ਕਿਸੇ ਵੀ ਹਾਲਤ ਵਿੱਚ ਮਿਡ-ਡੇਅ ਮੀਲ ਦੇ ਪ੍ਰਬੰਧ ਵਿੱਚ ਵਿਘਨ ਪੈਣ ਨਹੀਂ ਦਿੱਤਾ ਜਾਣਾ ਚਾਹੀਦਾ। ਸੁਸਾਇਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਿਡ-ਡੇਅ ਮੀਲ ਸਕੀਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕਰਨਾ ਅਤੇ ਸਕੂਲਾਂ ਵਿੱਚ ਹਾਜ਼ਰੀ ਵਧਾਉਣਾ ਹੈ, ਇਸ ਲਈ ਭੋਜਨ ਵੰਡ ਵਿੱਚ ਕਿਸੇ ਵੀ ਕਿਸਮ ਦੀ ਰੁਕਾਵਟ ਸਵੀਕਾਰਯੋਗ ਨਹੀਂ ਹੋਵੇਗੀ। ਅਧਿਕਾਰੀਆਂ ਨੂੰ ਸਖ਼ਤ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਆਪਣੇ ਖੇਤਰਾਂ ਦੇ ਸਕੂਲਾਂ ਵਿੱਚ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਨਿਯਮਿਤ ਤੌਰ ਤੇ ਸਕੂਲਾਂ ਤੋਂ ਫੀਡਬੈਕ ਲੈਂਦੇ ਰਹਿਣ ਅਤੇ ਜੇਕਰ ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਸਦਾ ਤੁਰੰਤ ਹੱਲ ਕੀਤਾ ਜਾਵੇ। ਨਿਗਰਾਨੀ ਤੇ ਨਿਰੀਖਣ ਵਧਾਇਆ ਜਾਵੇਗਾ ਪੰਜਾਬ ਰਾਜ ਮਿਡ-ਡੇਅ ਮੀਲ ਸੋਸਾਇਟੀ ਦੇ ਇਸ ਫੈਸਲੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਪ੍ਰਤੀ ਗੰਭੀਰ ਹੈ। ਅਧਿਕਾਰੀਆਂ ਨੂੰ ਸਮੇਂ-ਸਮੇਂ ਤੇ ਸਕੂਲਾਂ ਦਾ ਨਿਰੀਖਣ ਕਰਕੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਵੀ ਕਿਹਾ ਗਿਆ ਹੈ, ਤਾਂ ਜੋ ਯੋਜਨਾ ਦੇ ਲਾਭ ਲਗਾਤਾਰ ਵਿਦਿਆਰਥੀਆਂ ਤੱਕ ਪਹੁੰਚਦੇ ਰਹਿਣ।