ਮਿਨੀ ਬਾਈਪਾਸ 'ਤੇ ਰੇਲਵੇ ਕਰਾਸਿੰਗ ਬਣਾਉਣ ਲਈ ਰੇਲ ਮੰਤਰੀ ਨੂੰ ਮੰਗ ਪੱਤਰ ਭੇਜਿਆ
ਮਿਨੀ ਬਾਈਪਾਸ 'ਤੇ ਰੇਲਵੇ ਕਰਾਸਿੰਗ ਬਣਾਉਣ ਲਈ ਰੇਲ ਮੰਤਰੀ ਨੂੰ ਮੰਗ ਪੱਤਰ ਭੇਜਿਆ
Publish Date: Tue, 17 Mar 2026 04:45 PM (IST)
Updated Date: Wed, 18 Mar 2026 04:07 AM (IST)
ਐਚ ਐਸ ਪੀ 14 : ਅਵਿਨਾਸ਼ ਰਾਏ ਖੰਨਾ ਨੂੰ ਮੰਗ ਪੱਤਰ ਦਿੰਦੇ ਹੋਏ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ ਅਤੇ ਹੋਰ।
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜਸ਼ੰਕਰ : ਸੰਤ ਸਤਨਾਮ ਸਿੰਘ ਜੀ ਮੁਖੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਹੋਲੇ ਮੁਹੱਲੇ 'ਤੇ ਸੰਗਤ ਗੜ੍ਹਸ਼ੰਕਰ ਦੇ ਬੰਗਾ ਰੋਡ 'ਤੇ ਆਰਜ਼ੀ ਮਿੰਨੀ ਬਾਈਪਾਸ ਦਾ ਨਿਰਮਾਣ ਕਰਵਾਇਆ ਗਿਆ ਸੀ ਪਰ ਇਸ ਥਾਂ 'ਤੇ ਰੇਲਵੇ ਕਰਾਸਿੰਗ ਨਾ ਹੋਣ ਕਾਰਨ ਇਸ ਰਸਤੇ ਦੇ ਬੰਦ ਹੋਣ ਦੇ ਆਸਾਰ ਬਣ ਰਹੇ ਹਨ। ਇਸ ਥਾਂ 'ਤੇ ਪੱਕੇ ਤੌਰ 'ਤੇ ਰੇਲਵੇ ਕਰਾਸਿੰਗ ਬਣਾਉਣ ਸਬੰਧੀ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ, ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਸੁਭਾਸ਼ ਮੱਟੂ ਤੇ ਵਿਕਾਸ ਮੰਚ ਗੜ੍ਹਸ਼ੰਕਰ ਦੇ ਪ੍ਰਧਾਨ ਕੁਲਵਿੰਦਰ ਸੰਘਾ ਦੀ ਅਗਵਾਈ ਹੇਠ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਰਾਹੀਂ ਰੇਲਵੇ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਉਕਤ ਆਗੂਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਭਾਰੀ ਸਮੱਸਿਆ ਅਤੇ ਰੋਜ਼ਾਨਾ ਵਾਪਰ ਰਹੇ ਹਾਦਸਿਆਂ ਕਾਰਨ ਸੰਤ ਸਤਨਾਮ ਸਿੰਘ ਜੀ ਮੁਖੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਸੰਗਤ ਦੇ ਸਹਿਯੋਗ ਨਾਲ ਐਸ.ਡੀ ਸਕੂਲ ਦੇ ਨਾਲ ਇੱਕ ਆਰਜ਼ੀ ਮਿੰਨੀ ਬਾਈਪਾਸ ਦਾ ਨਿਰਮਾਣ ਕਰਵਾਇਆ ਗਿਆ ਸੀ ਜਿਸ ਕਾਰਨ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆਂ ਨੂੰ ਵੀ ਥੋੜ੍ਹੀ ਰਾਹਤ ਮਿਲੀ ਹੈ। ਇਸ ਲਈ ਇਸ ਥਾਂ 'ਤੇ ਰੇਲਵੇ ਵਿਭਾਗ ਸਥਾਈ ਤੌਰ ’ਤੇ ਰੇਲਵੇ ਫਾਟਕ ਦਾ ਪ੍ਰਬੰਧ ਕਰੇ ਤਾਂ ਜੋ ਲੋਕਾਂ ਨੂੰ ਇਸ ਦਾ ਲਗਾਤਾਰ ਫਾਇਦਾ ਮਿਲਦਾ ਰਹੇ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ।