ਮਰਨ ਉਪਰੰਤ ਸਰੀਰ ਦਾਨ ਮੈਡੀਕਲ ਵਿਗਿਆਨ ਦੀ ਖੋਜ ਲਈ ਅਹਿਮ ਯੋਗਦਾਨ : ਸੰਜੀਵ ਅਰੋੜਾ
ਮਰਨ ਉਪਰੰਤ ਸਰੀਰ ਦਾਨ ਮੈਡੀਕਲ ਵਿਗਿਆਨ ਦੀ ਖੋਜ ਲਈ ਅਹਿਮ ਯੋਗਦਾਨ: ਸੰਜੀਵ ਅਰੋੜਾ
Publish Date: Tue, 17 Mar 2026 04:24 PM (IST)
Updated Date: Wed, 18 Mar 2026 04:04 AM (IST)
ਐਚ ਐਸ ਪੀ 6 : ਪ੍ਰਣ ਪੱਤਰ ਭਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ ਚੇਅਰਮੈਨ ਸੰਜੀਵ ਅਰੋੜਾ, ਜੇ. ਬੀ. ਬਹਿਲ, ਮਦਨ ਲਾਲ ਮਹਾਜਨ ਅਤੇ ਹੋਰ।
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰੋਟਰੀ ਆਈ ਬੈਂਕ ਤੇ ਕਾਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਜੇ.ਬੀ. ਬਹਿਲ ਅਤੇ ਚੇਅਰਮੈਨ ਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਨੇਤਰ ਦਾਨ ਤੇ ਸਰੀਰ ਦਾਨ ਬਾਰੇ ਜਾਗਰੂਕਤਾ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਤੋਂ ਪ੍ਰੇਰਿਤ ਹੋ ਕੇ ਪਿੰਡ ਬੈਂਚ ਬਾਜਾ ਦੇ ਬਸਾਖਾ ਸਿੰਘ ਅਤੇ ਗੁਰਬਕਸ਼ ਕੌਰ ਅਤੇ ਪਿੰਡ ਸੀਕਰੀ ਦੇ ਓੰਕਾਰ ਸਿੰਘ ਨੇ ਮਰਣ ਉਪਰੰਤ ਸਰੀਰ ਦਾਨ ਲਈ ਪ੍ਰਣ ਪੱਤਰ ਭਰੇ।
ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਸਰੀਰ ਦਾਨ ਅਤੇ ਨੇਤਰ ਦਾਨ ਮੈਡੀਕਲ ਸਾਇੰਸ ਨੂੰ ਉਤਸ਼ਾਹਿਤ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ। ਉਨ੍ਹਾਂ ਦੱਸਿਆ ਕਿ ਨੇਤਰ ਦਾਨ ਨਾਲ ਅੰਧੇਪਨ ਦਾ ਸ਼ਿਕਾਰ ਲੋਕਾਂ ਨੂੰ ਨਵੀਂ ਰੌਸ਼ਨੀ ਮਿਲਦੀ ਹੈ, ਜਦਕਿ ਸਰੀਰ ਦਾਨ ਨਾਲ ਮੈਡੀਕਲ ਵਿਦਿਆਰਥੀਆਂ ਨੂੰ ਪੜਾਈ ਅਤੇ ਰਿਸਰਚ ਵਿੱਚ ਬਹੁਤ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪ੍ਰਣ ਪੱਤਰ ਭਰਨ ਵਾਲਿਆਂ ਨੇ ਸਮਾਜ ਵਿੱਚ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ, ਜੋ ਹੋਰ ਲੋਕਾਂ ਲਈ ਪ੍ਰੇਰਣਾ ਬਣੇਗੀ। ਸੰਜੀਵ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਸਾਇਟੀ ਵੱਲੋਂ ਹੁਣ ਤੱਕ ਵੱਖ-ਵੱਖ ਮੈਡੀਕਲ ਕਾਲਜਾਂ ਨੂੰ 30 ਮਰਣ ਉਪਰੰਤ ਸਰੀਰ ਰਿਸਰਚ ਲਈ ਭੇਜੇ ਜਾ ਚੁੱਕੇ ਹਨ ਅਤੇ 250 ਤੋਂ ਵੱਧ ਲੋਕਾਂ ਨੇ ਪ੍ਰਣ ਪੱਤਰ ਭਰ ਕੇ ਰਜਿਸਟ੍ਰੇਸ਼ਨ ਕਰਵਾ ਲਈ ਹੈ। ਇਸ ਮੌਕੇ ਪ੍ਰਣ ਪੱਤਰ ਭਰਨ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਪ੍ਰਧਾਨ ਜੇ.ਬੀ. ਬਹਿਲ ਨੇ ਕਿਹਾ ਕਿ ਨੇਤਰ ਦਾਨ ਅਤੇ ਸਰੀਰ ਦਾਨ ਇੱਕ ਅਜਿਹਾ ਦਾਨ ਹੈ ਜੋ ਮਨੁੱਖ ਮਰਨ ਉਪਰੰਤ ਹੀ ਕਰ ਸਕਦਾ ਹੈ, ਇਸ ਲਈ ਜਿਊਂਦੇ ਜੀਅ ਪ੍ਰਣ ਪੱਤਰ ਭਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਬਾਅਦ ’ਚ ਕੋਈ ਰੁਕਾਵਟ ਨਾ ਆਵੇ। ਪ੍ਰਣ ਪੱਤਰ ਭਰਨ ਵਾਲਿਆਂ ਨੇ ਵੀ ਆਪਣੀ ਭਾਵਨਾ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣਾ ਸਰੀਰ ਮਨੁੱਖਤਾ ਦੀ ਭਲਾਈ ਲਈ ਦਾਨ ਕਰਨਾ ਚਾਹੁੰਦੇ ਸਨ। ਇਸ ਮੌਕੇ ਮਦਨ ਲਾਲ ਮਹਾਜਨ, ਸੁੱਲਖਣ ਸਿੰਘ ਅਤੇ ਹੋਰ ਵੀ ਹਾਜ਼ਰ ਸਨ।