ਸਾਹਿਬ ਸ੍ਰੀ ਕਾਂਸ਼ੀ ਰਾਮ ਦਾ ਜਨਮ ਦਿਹਾੜਾ ਮਨਾਇਆ
ਬਹੁਜਨ ਅੰਦੋਲਨ ਦੇ ਮਹਾਂਨਾਇਕ, ਦਲਿਤਾਂ ਦੇ ਮਸੀਹਾ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਹਾੜਾ ਮਨਾਇਆ
Publish Date: Tue, 17 Mar 2026 04:18 PM (IST)
Updated Date: Wed, 18 Mar 2026 04:04 AM (IST)

ਐਚ ਐਸ ਪੀ 7: ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਬਾਬੂ ਕਾਂਸ਼ੀ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ। ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਬਹੁਜਨ ਅੰਦੋਲਨ ਦੇ ਮਹਾਨਾਇਕ, ਦਲਿਤਾਂ ਦੇ ਮਸੀਹਾ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਹਾੜੇ ਮੌਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿੱਥੇ ਕੌਮ ਦੇ ਬੁੱਧੀਜੀਵੀਆਂ ਨੇ ਸੰਗਤਾਂ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਚਾਨਣਾ ਪਾਇਆ। ਇਸ ਮੌਕੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਮੁੱਖ ਕੈਸ਼ੀਅਰ ਸੰਤ ਕਰਮ ਚੰਦ ਨੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ ਕਾਰਵਾਂ ਨੂੰ ਅੱਗੇ ਤੋਰਨ ਲਈ ਦਲਿਤਾਂ ਦੇ ਮਸੀਹਾ ਕਾਸ਼ੀ ਰਾਮ ਨੇ ਦੱਬੇ-ਕੁਚਲੇ ਲੋਕਾਂ ਨੂੰ ਭਾਰਤ ਦੇਸ਼ ਦੇ ਹੁਕਮਰਾਨ ਬਣਾਉਣ ਲਈ 40 ਸਾਲ ਲੱਕ ਬੰਨ੍ਹ ਕੇ ਕੰਮ ਕੀਤਾ। ਉਨ੍ਹਾਂ ਬੀਐੱਸਸੀ ਦੀ ਪੜ੍ਹਾਈ ਉਪਰੰਤ ਪੂਨਾ ਵਿਖੇ ਅਸਲ੍ਹਾ ਫੈਕਟਰੀ ਵਿਚ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ। ਮੁਲਕ ਵਿਚ ਜਾਤ-ਪਾਤ ਦਾ ਭੇਦਭਾਵ ਸਿੱਖਰਾਂ ਤੇ ਸੀ। ਹਰੇਕ ਦਲਿਤ ਮੁਲਾਜ਼ਮ ਆਪਣੀ ਜਾਤ ਛੁਪਾ ਕੇ ਨੌਕਰੀ ਕਰ ਰਿਹਾ ਸੀ। ਜਿਸ ਅਦਾਰੇ ਚ ਕਾਸ਼ੀ ਰਾਮ ਨੌਕਰੀ ਕਰ ਰਹੇ ਸਨ, ਉਸ ਅਦਾਰੇ ਦੇ ਵਰਕਰ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਵਸ ਤੇ ਆਪਣੇ ਲੀਡਰ ਦੀਨਾ ਜਾਨਾ ਦੀ ਅਗਵਾਈ ਚ ਛੁੱਟੀ ਲਈ ਸੰਘਰਸ਼ ਕਰ ਰਹੇ ਸਨ। ਜਦੋਂ ਮਾਲਕ ਛੁੱਟੀ ਨਾ ਕਰਨ ਲਈ ਬਜਿਦ ਰਹੇ ਤਾਂ ਸੰਘਰਸ਼ਸ਼ੀਲ ਕਰਮਚਾਰੀਆਂ ਨੇ ਵੀ ਛੁੱਟੀ ਹਰ ਕੀਮਤ ਤੇ ਕਰਵਾਉਣ ਲਈ ਤਹਈਆ ਕਰ ਲਿਆ। ਵਰਕਰਾਂ ਦੇ ਸੰਘਰਸ਼ ਨੂੰ ਦੇਖ ਕੇ ਕਾਂਸ਼ੀ ਰਾਮ ਦਾ ਦਿਲ ਵੀ ਖੋਲ੍ਹ ਉੱਠਿਆ। ਵਰਕਰਾਂ ਦੀ ਮਾਲਕਾਂ ਵਲੋਂ ਖਰੀਦੋ-ਫਰੋਖਤ ਤੇ ਦਿੱਤੇ ਗਏ ਲਾਲਚਾ ਨੂੰ ਦੇਖ ਕੇ ਕਾਂਸ਼ੀ ਰਾਮ ਨੇ ਨੌਕਰੀ ਤੋਂ ਤਿਆਗ ਪੱਤਰ ਦੇ ਕੇ ਭਾਰਤ ਚ ਬਹੁਜਨ ਲੋਕਾਂ ਦਾ ਰਾਜ ਸਥਾਪਤ ਕਰਨ ਲਈ ਕਸਮ ਖਾਧੀ ਅਤੇ ਇਸਨੂੰ ਪੂਰਾ ਕੀਤਾ। ਸਮਾਜ ਨੂੰ ਹੁਕਮਰਾਨ ਬਣਾਉਣ ਲਈ ਕਾਂਸ਼ੀ ਰਾਮ ਨੇ ਸੰਘਰਸ਼ ਜਾਰੀ ਰੱਖਿਆ। ਬਾਮਸੇਫ ਨਾਂਅ ਦੇ ਸੰਗਠਨ ਨੂੰ ਮਜ਼ਬੂਤ ਬਣਾਉਣ ਤੋਂ ਬਾਅਦ ਉਨ੍ਹਾਂ ਸੋਚਿਆ ਕਿ ਮੁਲਾਜ਼ਮ ਦੇ ਨਾਲ ਨੌਜਵਾਨ ਵਰਗ ਦਾ ਹੋਣਾ ਬਹੁਤ ਜਰੂਰੀ ਹੈ। ਜਥੇਬੰਦੀ ਦੇ ਸਲਾਹਕਾਰਾਂ ਨਾਲ ਸੋਚ-ਵਿਚਾਰ ਤੋਂ ਬਾਅਦ ਉਨ੍ਹਾਂ 14 ਅਪ੍ਰੈਲ 1982 ਚ ਦਲਿਤ ਸੋਸ਼ਿਤ ਸੰਘਰਸ਼ ਸੰਮਤੀ (ਡੀ.ਐਸ.4) ਬਣਾਈ, ਜਿਸ ਦਾ ਕੰਮ ਕਾਂਸੀ ਰਾਮ ਦੀਆਂ ਰੈਲੀਆਂ ਦਾ ਪ੍ਰਬੰਧ ਕਰਨਾ ਤੇ ਉਨ੍ਹਾਂ ਨੂੰ ਸਫਲ ਬਣਾਉਣਾ ਸੀ। ਨੌਜਵਾਨ ਵਰਗ ਦੀ ਸਾਈਕਲਾਂ ਦੇ ਉਪਰ ਕਾਂਸ਼ੀ ਰਾਮ ਦਾ ਸਾਥ ਦੇਣ ਲੱਗਾ। ਕਾਸ਼ੀ ਰਾਮ ਦੇ ਕੌਮੀ ਹਿਤ ਕਰਕੇ ਹੀ ਅੱਜ ਪੂਰੀ ਦੁਨੀਆਂ ਚ ਉਨ੍ਹਾਂ ਦਾ ਨਾਂਅ ਧਰੂ-ਤਾਰੇ ਵਾਂਗ ਚਮਕਦਾ ਹੈ ਤੇ ਚਮਕਦਾ ਰਹੇਗਾ। ਉਨ੍ਹਾਂ ਜੰਮੂ-ਕਸ਼ਮੀਰ, ਹਿਮਾਚਲ, ਮੱਧ-ਪ੍ਰਦੇਸ਼, ਉੱਤਰਾਖੰਡ, ਆਂਧਰਾ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼ ਤੇ ਪੰਜਾਬ ਚ ਸੰਗਠਨ ਨੂੰ ਮਜ਼ਬੂਤ ਕੀਤਾ। ਆਓ! ਅੱਜ ਉਨ੍ਹਾਂ ਦੇ ਦਿੱਤੇ ਹੋਏ ਪਚਾਸੀ ਤੇ ਪੰਦਰਾਂ ਫੀਸਦੀ ਦੇ ਸਿਧਾਂਤ ਨੂੰ ਅਪਨਾ ਕੇ ਉਨ੍ਹਾਂ ਦੀ ਸੋਚ ਮੁਤਾਬਿਕ ਦਲਿਤ ਵਰਗ ਨੂੰ ਦੇਸ਼ ਦੇ ਹੁਕਮਰਾਨ ਬਣਾਈਏ। ਅੱਜ ਦੇ ਦਿਹਾੜੇ ਮੌਕੇ ਸੰਤ ਦਿਆਲ ਚੰਦ ਬੰਗਾ, ਮਨਜੀਤ ਕੁਮਾਰ ਮੁਗੋਵਾਲ ਕੈਸ਼ੀਅਰ ਹਾਜ਼ਰ ਸਨ।