ਹੈਰੋਇਨ ਤੇ ਪਾਬੰਦੀਸ਼ੁਦਾ ਗੋਲ਼ੀਆਂ ਸਣੇ ਪੰਜ ਗ੍ਰਿਫ਼ਤਾਰ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ 6 ਵਿਅਕਤੀ ਗ੍ਰਿਫਤਾਰ; ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ
Publish Date: Tue, 17 Mar 2026 04:01 PM (IST)
Updated Date: Wed, 18 Mar 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ’ਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕੁੱਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਥਾਣਾ ਮੁਕੇਰੀਆ ਦੀ ਪੁਲਿਸ ਦੇ ਏਐੱਸਆਈ ਦਿਲਦਾਰ ਸਿੰਘ ਆਪਣੀ ਟੀਮ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਨਾਹਰਪੁਰ ਤੋਂ ਧੋਲਾਖੇੜਾ ਵੱਲ ਜਾਂਦੇ ਸਮੇਂ ਲੁੱਕ ਪਲਾਂਟ ਨੇੜੇ ਇਕ ਮੋਟਰਸਾਈਕਲ ਕੋਲ ਖੜ੍ਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ। ਉਨ੍ਹਾਂ ਦੀ ਪਛਾਣ ਅਲੀ ਪੁੱਤਰ ਬਸੀਰ ਵਾਸੀ ਪਿੰਡ ਖੜਕ ਬੱਲੜਾ ਤੇ ਲਿਆਕਤ ਅਲੀ ਪੁੱਤਰ ਗੁਲਾਬਦੀਨ ਵਾਸੀ ਪਿੰਡ ਮਹਿਉਲਦੀਨਪੁਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਅਲੀ ਕੋਲੋਂ 90 ਨਸ਼ੀਲੀਆਂ ਗੋਲ਼ੀਆਂ ਤੇ ਲਿਆਕਤ ਅਲੀ ਕੋਲੋਂ ਕਰੀਬ 100 ਗ੍ਰਾਮ ਹੈਰੋਇਨ ਕਥਿਤ ਤੌਰ ਤੇ ਬਰਾਮਦ ਹੋਈ। ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਮਾਹਿਲਪੁਰ ਦੇ ਏਐੱਸਆਈ ਸਤਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਜੱਸੋਵਾਲ-ਭਾਤਪੁਰ ਜੱਟਾ ਲਿੰਕ ਰੋਡ ਤੇ ਦੋ ਨੌਜਵਾਨਾਂ ਨੂੰ ਐਕਟੀਵਾ ਸਮੇਤ ਕਾਬੂ ਕੀਤਾ। ਪੁਲਿਸ ਮੁਤਾਬਕ ਫੜੇ ਗਏ ਵਿਅਕਤੀਆਂ ਦੀ ਪਛਾਣ ਸਰਬਜੀਤ ਉਰਫ ਸਾਬੀ ਤੇ ਹਰਪ੍ਰੀਤ ਸਿੰਘ ਉਰਫ ਰਾਜਾ (ਵਾਸੀ ਜੱਸੋਵਾਲ) ਵਜੋਂ ਹੋਈ ਹੈ। ਇਨ੍ਹਾਂ ਕੋਲੋਂ 102 ਪਾਬੰਦੀਸ਼ੁਦਾ ਗੋਲ਼ੀਆਂ ਕਥਿਤ ਤੌਰ ਤੇ ਬਰਾਮਦ ਕੀਤੀਆਂ ਗਈਆਂ ਹਨ। ਇਸੇ ਮਾਮਲੇ ਵਿਚ ਤੀਜੇ ਮੁਲਜ਼ਮ ਜਸਕਰਨ ਸਿੰਘ ਉਰਫ ਜਿੰਮੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ੇ ਦਾ ਸੇਵਨ ਕਰਦਾ ਨੌਜਵਾਨ ਗ੍ਰਿਫਤਾਰ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਫੁਗਲਾਣਾ ਨੇੜੇ ਪੁਲਿਸ ਨੇ ਇਕ ਨੌਜਵਾਨ ਨੂੰ ਨਸ਼ੇ ਦਾ ਸੇਵਨ ਕਰਦੇ ਹੋਏ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਏਐੱਸਆਈ ਕੁਲਵਿੰਦਰ ਸਿੰਘ ਮੁਤਾਬਕ ਜਸਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ (ਵਾਸੀ ਮਹਿਮੋਵਾਲ) ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਕਥਿਤ ਤੌਰ ਤੇ ਸਿਲਵਰ ਫੁਆਇਲ ਤੇ ਲਾਈਟਰ ਦੀ ਮਦਦ ਨਾਲ ਨਸ਼ੇ ਦਾ ਸੂਟਾ ਲਗਾ ਰਿਹਾ ਸੀ। ਪੁਲਿਸ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।