ਅਧਿਆਪਕ ਭਰਤੀ ਹੋਣ ਲਈ ਲਏ ਗਏ ਟੈੱਟ ਦੇ ਇਮਤਿਹਾਨ ’ਚ ਵੀ ਗਲਤੀ
ਅਧਿਆਪਕ ਭਰਤੀ ਹੋਣ ਲਈ ਲਏ ਗਏ ਟੈਟ ਦੇ ਇਮਤਿਹਾਨ ਵਿੱਚ ਵੀ ਗਲਤੀ
Publish Date: Sun, 15 Mar 2026 06:30 PM (IST)
Updated Date: Mon, 16 Mar 2026 04:13 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਸਿੱਖਿਆ ਵਿਭਾਗ ’ਚ ਅਧਿਆਪਕ ਵਜੋਂ ਭਰਤੀ ਹੋਣ ਲਈ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਟੀਚਰ ਐਲਿਜੀਬਿਲਟੀ ਟੈਸਟ (ਟੈੱਟ) ਦਾ ਪਾਸ ਹੋਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੜ੍ਹਾ ਰਹੇ ਅਧਿਆਪਕਾਂ ਲਈ ਵੀ ਇਸ ਟੈਸਟ ਨੂੰ ਪਾਸ ਕਰਨਾ ਜ਼ਰੂਰੀ ਕਰਾ ਦਿੱਤਾ ਗਿਆ ਸੀ, ਜਿਸ ਕਾਰਨ ਬਹੁਤ ਸਾਰੇ ਅਧਿਆਪਕ ਇਹ ਟੈਸਟ ਦੇਣ ਲਈ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਪਹੁੰਚੇ। ਅਧਿਆਪਕਾਂ ਲਈ ਆਈਏਐੱਸ, ਪੀਸੀਐੱਸ ਭਰਤੀ ਵਰਗੇ ਇਸ ਇਮਤਿਹਾਨ ’ਚ ਵੀ ਹਮੇਸ਼ਾ ਦੀ ਤਰ੍ਹਾਂ ਸਿੱਖਿਆ ਵਿਭਾਗ ਗਲਤੀਆਂ ਕਰਨ ਤੋਂ ਨਹੀਂ ਬਚ ਸਕਿਆ। 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਲਏ ਗਏ ਪੀਐੱਸ ਟੈੱਟ 2 ਦੇ ਪੰਜਾਬੀ ਦੇ ਪੇਪਰ ’ਚ ਗੜ੍ਹਸ਼ੰਕਰ ਇਲਾਕੇ ਦੀ ਮਸ਼ਹੂਰ ਛਿੰਞ ਸਰਾਹਾਂ ਦੀ ਸਬੰਧਤ ਪੈਰਾ ਪਾਇਆ ਗਿਆ, ਜਿਸ ’ਚੋਂ ਲੱਭ ਕੇ ਅਧਿਆਪਕਾਂ (ਪ੍ਰੀਖਿਆਰਥੀਆਂ) ਨੇ ਕੁਝ ਪ੍ਰਸ਼ਨਾਂ ਦੇ ਉੱਤਰ ਦੇਣੇ ਸਨ। ਪ੍ਰਸ਼ਨ ਨੰਬਰ 57 ’ਚ ਇਹ ਪੁੱਛਿਆ ਗਿਆ ਕਿ ਛਿੰਞ ਸਰਾਹਾਂ ਦੀ ਮੇਲਾ ਕਿੱਥੇ ਲੱਗਦਾ ਹੈ ਤਾਂ ਇਸ ਦੇ ਜਵਾਬ ਵਜੋਂ ਦਿੱਤੇ ਗਏ 4 ਉੱਤਰਾਂ ’ਚ ਅਚਲਪੁਲ ਵਿਖੇ, ਅਲਾਵਲਪੁਲ ਵਿਖੇ, ਅਚਲਪੁਰ ਵਿਖੇ ਤੇ ਅਲਵਰ ਵਿਖੇ ਦਿੱਤੇ ਗਏ ਸਨ। ਬੇਸ਼ੱਕ ਇਸ ਦਾ ਜਵਾਬ ਗੜ੍ਹਸ਼ੰਕਰ ਦੇ ਬੀਤ ਖੇਤਰ ਦਾ ਪਿੰਡ ਅਚਲਪੁਰ ਸੀ ਪਰ ਪ੍ਰੀਖਿਆਰਥੀ ਇਸ ਲਈ ਪਰੇਸ਼ਾਨ ਹੋ ਗਏ ਕਿਉਂਕਿ ਪ੍ਰਸ਼ਨ ’ਚ ਉੱਤਰ ਦੀ ਆਪਸ਼ਨ ’ਚ ਅਚਲਪੁਲ ਤੇ ਅਚਲਪੁਰ ਦੋਨੋਂ ਸਨ ਪਰ ਇਸੇ ਤਰ੍ਹਾਂ ਪੈਰੇ ’ਚ ਵੀ ਅਚਲਪੁਲ ਅਤੇ ਅਚਲਪੁਰ ਦੋਵੇਂ ਹੀ ਲਿਖੇ ਹੋਏ ਸਨ, ਜਿਸ ਕਾਰਨ ਪ੍ਰੀਖਿਆਥੀ ਉੱਤਰ ਦੇਣ ਸਮੇਂ ਦੁਚਿੱਤੀ ’ਚ ਸਨ ਅਤੇ ਕੁਝ ਵਿਦਿਆਰਥੀਆਂ ਵੱਲੋਂ ਇਹ ਪ੍ਰਸ਼ਨ ਗਲਤ ਵੀ ਕਰ ਦਿੱਤਾ ਗਿਆ ਹੋਵੇਗਾ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ 8ਵੀਂ ਦੇ ਵਿਗਿਆਨ ਦੇ ਪੰਜਾਬੀ ਮਾਧਿਅਮ ਦੇ ਪੇਪਰ ’ਚ 15 ਨੰਬਰ ਦੇ 3 ਪ੍ਰਸ਼ਨ ਹੀ ਗਾਇਬ ਸਨ, ਜਿਸ ਕਾਰਨ ਵਿਦਿਆਰਥੀ ਪਰੇਸ਼ਾਨ ਹੋ ਗਏ ਸਨ।