ਹੁਸ਼ਿਆਰਪੁਰ ’ਚ ਮੌਸਮ ਨੇ ਬਦਲਿਆ ਮਿਜ਼ਾਜ: ਰੁਕ-ਰੁਕ ਕੇ ਪਈ ਹਲਕੀ ਬਾਰਿਸ਼
ਹੁਸ਼ਿਆਰਪੁਰ ‘ਚ ਮੌਸਮ ਨੇ ਬਦਲਿਆ ਮਿਜ਼ਾਜ: ਐਤਵਾਰ ਨੂੰ ਰੁਕ-ਰੁਕ ਕੇ ਪਈ ਹਲਕੀ ਬਾਰਿਸ਼, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
Publish Date: Sun, 15 Mar 2026 06:22 PM (IST)
Updated Date: Mon, 16 Mar 2026 04:13 AM (IST)
ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਐਤਵਾਰ ਸਵੇਰੇ ਤੋਂ ਹੀ ਹੁਸ਼ਿਆਰਪੁਰ ਸ਼ਹਿਰ ਦਾ ਆਸਮਾਨ ਘਣੇ ਬੱਦਲਾਂ ਨਾਲ ਢੱਕਿਆ ਹੋਇਆ ਰਿਹਾ। ਲਗਭਗ ਸਵੇਰੇ 11 ਵਜੇ ਦੇ ਕਰੀਬ ਰੁਕ-ਰੁਕ ਕੇ ਹਲਕੀ ਬਾਰਿਸ਼ ਸ਼ੁਰੂ ਹੋ ਗਈ, ਜੋ ਦਿਨ ਭਰ ਕਦੇ ਹਲਕੀਆਂ ਤੇ ਕਦੇ ਥੋੜ੍ਹੀਆਂ ਫੁਹਾਰਾਂ ਦੇ ਰੂਪ ਵਿੱਚ ਜਾਰੀ ਰਹੀ। ਬੱਦਲ ਛਾਏ ਰਹਿਣ ਅਤੇ ਬਾਰਿਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਅਤੇ ਤਾਪਮਾਨ ਵਿੱਚ ਵੀ ਕੁਝ ਕਮੀ ਮਹਿਸੂਸ ਕੀਤੀ ਗਈ। ਐਤਵਾਰ ਹੋਣ ਕਰਕੇ ਕਈ ਲੋਕ ਛੁੱਟੀ ਦੇ ਦਿਨ ਘਰਾਂ ਵਿੱਚ ਹੀ ਰਹੇ, ਜਦਕਿ ਕੁਝ ਥਾਵਾਂ ‘ਤੇ ਲੋਕ ਛੱਤਰੀਆਂ ਲੈ ਕੇ ਬਾਜ਼ਾਰਾਂ ਵੱਲ ਜਾਂਦੇ ਵੀ ਨਜ਼ਰ ਆਏ। ਹਲਕੀ ਬਾਰਿਸ਼ ਕਾਰਨ ਆਮ ਜਨਜੀਵਨ ਤੇ ਕੋਈ ਵੱਡਾ ਅਸਰ ਨਹੀਂ ਪਿਆ ਅਤੇ ਸ਼ਹਿਰ ਵਿੱਚ ਆਵਾਜਾਈ ਆਮ ਤਰ੍ਹਾਂ ਜਾਰੀ ਰਹੀ। ਇਸ ਸਬੰਧੀ ਗੜ੍ਹਦੀਵਾਲਾ ਦੇ ਕਿਸਾਨ ਨੇਤਾ ਜੁਝਾਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਪੈ ਰਹੀ ਇਸ ਬਾਰਿਸ਼ ਨਾਲ ਖੇਤਾਂ ਵਿੱਚ ਖੜੀਆਂ ਫਸਲਾਂ, ਖਾਸ ਕਰ ਕੇ ਕਣਕ ਅਤੇ ਆਲੂ ਨੂੰ ਕੁਝ ਹੱਦ ਤੱਕ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਰਿਸ਼ ਲੰਬੇ ਸਮੇਂ ਤੱਕ ਜਾਰੀ ਰਹੀ ਜਾਂ ਤੇਜ਼ ਹੋ ਗਈ ਤਾਂ ਫਸਲਾਂ ‘ਤੇ ਇਸ ਦਾ ਅਸਰ ਹੋ ਸਕਦਾ ਹੈ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਵਿੱਚ ਹਲਕੀ ਬਾਰਿਸ਼ ਰੁਕ-ਰੁਕ ਕੇ ਜਾਰੀ ਸੀ।