ਸਿਹਤ ਵਿਭਾਗ ਨੇ ਲਾਇਆ ਮੁਫ਼ਤ ਮੈਡੀਕਲ ਕੈਂਪ
ਪਿੰਡ ਚੱਬੇਵਾਲ ਵਿਖੇ ਸਿਹਤ ਵਿਭਾਗ ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ; 100 ਤੋਂ ਵੱਧ ਲੋਕਾਂ ਨੇ ਕਰਵਾਈ ਜਾਂਚ
Publish Date: Sun, 15 Mar 2026 06:01 PM (IST)
Updated Date: Mon, 16 Mar 2026 04:10 AM (IST)

100 ਤੋਂ ਵੱਧ ਲੋਕਾਂ ਨੇ ਕਰਵਾਈ ਜਾਂਚ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ (ਬਲਾਕ ਹਾਰਟਾ ਬਡਲਾ) ਵੱਲੋਂ ਪਿੰਡ ਚੱਬੇਵਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ਦੌਰਾਨ ਲੱਗਭਗ 100 ਤੋਂ ਵੱਧ ਲੋਕਾਂ ਦੀ ਸਿਹਤ ਜਾਂਚ ਕਰ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਮਨਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਵਧੀਆ ਸਿਹਤ ਸੇਵਾਵਾਂ ਆਮ ਲੋਕਾਂ ਦੇ ਦਰਵਾਜ਼ਿਆਂ ਤੱਕ ਪਹੁੰਚਾਈਆਂ ਜਾਣ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਬਲੱਡ ਪ੍ਰੈਸ਼ਰ, ਸ਼ੂਗਰ, ਐਚ.ਬੀ. ਅਤੇ ਹੋਰ ਆਮ ਬਿਮਾਰੀਆਂ ਦੀ ਜਾਂਚ ਕੀਤੀ ਗਈ। ਨਾਲ ਹੀ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਬਲਾਕ ਐਕਸਟੈਂਸ਼ਨ ਐਜੂਕੇਟਰ ਅਮਨਦੀਪ ਸਿੰਘ ਨੇ ਇਸ ਮੌਕੇ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯੋਜਨਾ ਪੰਜਾਬ ਦੇ ਨਾਗਰਿਕਾਂ ਨੂੰ ਦੂਜੇ ਅਤੇ ਤੀਜੇ ਦਰਜੇ ਦੀ ਡਾਕਟਰੀ ਸੇਵਾ ਨਕਦ ਰਹਿਤ ਤਰੀਕੇ ਨਾਲ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਪੰਜਾਬ ਵਾਸੀ 900 ਤੋਂ ਵੱਧ ਸਰਕਾਰੀ ਅਤੇ ਨਿੱਜੀ ਸੂਚੀਬੱਧ ਹਸਪਤਾਲਾਂ ਵਿੱਚ ਬਿਨਾਂ ਕਿਸੇ ਵਿੱਤੀ ਬੋਝ ਦੇ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਯੋਜਨਾ ਦੇ ਕਾਰਡ ਕਾਮਨ ਸਰਵਿਸ ਸੈਂਟਰਾਂ ਅਤੇ ਖਾਸ ਕੈਂਪਾਂ ਰਾਹੀਂ ਮੁਫ਼ਤ ਬਣਾਏ ਜਾ ਰਹੇ ਹਨ, ਜਿਨ੍ਹਾਂ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਲਾਜ਼ਮੀ ਹੈ। ਐੱਸਟੀਐੱਸ ਭੁਪਿੰਦਰ ਕੌਰ ਨੇ ਲੋਕਾਂ ਨੂੰ ਟੀ.ਬੀ. ਬਿਮਾਰੀ ਦੀ ਰੋਕਥਾਮ ਲਈ ਚੱਲ ਰਹੇ 100 ਦਿਨਾਂ ਟੀਬੀ ਮੁਕਤ ਅਭਿਆਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟੀਬੀ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ ਅਤੇ ਸ਼ੱਕੀ ਮਰੀਜ਼ਾਂ ਦੇ ਟੈਸਟ ਅਤੇ ਐਕਸ-ਰੇ ਵੀ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਲੰਬੇ ਸਮੇਂ ਤੱਕ ਖੰਘ, ਬੁਖਾਰ, ਕਮਜ਼ੋਰੀ, ਅਚਾਨਕ ਭਾਰ ਘਟਣਾ ਜਾਂ ਖੰਘ ਦੌਰਾਨ ਖੂਨ ਆਉਣ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਟੀਬੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਮੈਡੀਕਲ ਅਫਸਰ ਡਾ. ਮਨਦੀਪ ਕੌਰ, ਸੀਐੱਚਓ ਇੰਦਰਜੀਤ ਕੌਰ, ਐੱਲਐੱਚਵੀ ਅਮਨਦੀਪ ਕੌਰ, ਏਐੱਨਐੱਮ ਸੰਦੀਪ ਕੌਰ, ਆਸ਼ਾ ਵਰਕਰਾਂ ਤੋਂ ਇਲਾਵਾ ਜ਼ਿਲ੍ਹਾ ਹਸਪਤਾਲ ਤੋਂ ਐੱਲਟੀ ਭੁਪਿੰਦਰ ਸਿੰਘ, ਸੁਖਬੀਰ ਸਿੰਘ ਸਮੇਤ ਐੱਮਐੱਮਯੂ ਦੀ ਟੀਮ ਵੀ ਮੌਜੂਦ ਸੀ।