ਖੂਨਦਾਨ ਮਨੁੱਖਤਾ ਦੀ ਮਹਾਨ ਸੇਵਾ : ਬੀਬੀ ਹਰਪਿੰਦਰ ਕੌਰ
ਖੂਨਦਾਨ ਮਨੁੱਖਤਾ ਦੀ ਮਹਾਨ ਸੇਵਾ - ਬੀਬੀ ਹਰਪਿੰਦਰ ਕੌਰ
Publish Date: Sun, 15 Mar 2026 05:20 PM (IST)
Updated Date: Mon, 16 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਬਲੱਡ ਡੋਨਰ ਤੇ ਵੈੱਲਫੇਅਰ ਸੁਸਾਇਟੀ ਵੱਲੋਂ ਐਲੀਮੈਂਟਰੀ ਸਕੂਲ ਬੇਲਾ ਸਰਿਆਣਾ ਵਿੱਚ ਇਕ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਇਲਾਕੇ ਦੇ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਵਿੱਚ ਖੂਨਦਾਨ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਕਰਨਾ ਸੀ। ਕੈਂਪ ਦੌਰਾਨ ਗੁਲਜ਼ਾਰ ਗਰੁੱਪ ਅਤੇ ਮਾਨਵਤਾ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਸਮਾਜ ਸੇਵਿਕਾ ਬੀਬੀ ਹਰਪਿੰਦਰ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਸਮੇਂ ਬਲੱਡ ਡੋਨਰ ਤੇ ਵੈੱਲਫੇਅਰ ਸੁਸਾਇਟੀ ਯੂਨਿਟ ਹਾਜੀਪੁਰ ਦੇ ਹਿਮਾਂਸ਼ੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਬੀਬੀ ਹਰਪਿੰਦਰ ਕੌਰ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਬੀਬੀ ਹਰਪਿੰਦਰ ਕੌਰ ਨੇ ਖੂਨਦਾਨ ਕਰ ਰਹੇ ਨੌਜਵਾਨਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ। ਖੂਨਦਾਨ ਇਕ ਮਹਾਨ ਸੇਵਾ ਹੈ ਜੋ ਕਿਸੇ ਦੀ ਜਾਨ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ। ਸਮਾਜ ਵਿੱਚ ਇਸ ਤਰ੍ਹਾਂ ਦੇ ਸੇਵਾ ਕਾਰਜ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ ਤਾਂ ਜੋ ਹੋਰ ਨੌਜਵਾਨ ਵੀ ਇਸ ਤੋਂ ਪ੍ਰੇਰਿਤ ਹੋ ਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ। ਕੈਂਪ ਦੌਰਾਨ ਬੀਬੀ ਹਰਪਿੰਦਰ ਕੌਰ ਨੇ ਖੁਦ ਵੀ ਖੂਨਦਾਨ ਕਰਕੇ ਸਮਾਜ ਲਈ ਇਕ ਮਿਸਾਲ ਕਾਇਮ ਕੀਤੀ ਅਤੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਾਨਵਤਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਯਸ਼ਕਰਨ ਸਿੰਘ, ਬਲੱਡ ਡੋਨਰ ਤੇ ਵੈੱਲਫੇਅਰ ਸੁਸਾਇਟੀ ਯੂਨਿਟ ਹਾਜੀਪੁਰ ਦੇ ਹਿਮਾਂਸ਼ੂ, ਰਾਹੁਲ ਕੁਮਾਰ, ਰਾਕੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜ਼ੂਦ ਸਨ। ਸਾਰੇ ਹਾਜ਼ਰੀਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਖੂਨਦਾਨ ਕੈਂਪ ਸਮਾਜ ਲਈ ਬਹੁਤ ਲਾਭਕਾਰੀ ਸਿੱਧ ਹੁੰਦੇ ਹਨ ਅਤੇ ਇਨ੍ਹਾਂ ਰਾਹੀਂ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ।