ਪੰਜਾਬ ਗ੍ਰਾਮੀਣ ਬੈਂਕ ਵੱਲੋਂ ਸਕੂਲ ਨੂੰ ਵਾਟਰ ਕੂਲਰ ਭੇਟ
ਪੰਜਾਬ ਗ੍ਰਾਮੀਣ ਬੈਂਕ ਵੱਲੋਂ ਪੰਡੋਰੀ ਭਗਤ ਸਕੂਲ ਨੂੰ ਵਾਟਰ ਕੂਲਰ ਭੇਂਟ
Publish Date: Sat, 14 Mar 2026 08:37 PM (IST)
Updated Date: Sun, 15 Mar 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਪੰਜਾਬ ਗ੍ਰਾਮੀਣ ਬੈਂਕ ਦੀ ਹਰਸਾ ਮਾਨਸਰ ਸ਼ਾਖਾ ਵੱਲੋਂ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ (ਸੀਐੱਸਆਰ) ਤਹਿਤ ਨੇੜਲੇ ਪਿੰਡ ਪੰਡੋਰੀ ਭਗਤ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਇੱਕ ਸਾਦਾ ਪਰ ਮਹੱਤਵਪੂਰਨ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸ਼ਾਖਾ ਪ੍ਰਬੰਧਕ ਦਿਨੇਸ਼ ਕੁਮਾਰ ਵੱਲੋਂ ਕੀਤੀ ਗਈ। ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਸਕੂਲ ਨੂੰ ਇੱਕ ਵਾਟਰ ਕੂਲਰ ਭੇਟ ਕੀਤਾ ਗਿਆ, ਤਾਂ ਜੋ ਗਰਮੀ ਦੇ ਮੌਸਮ ਦੌਰਾਨ ਬੱਚਿਆਂ ਨੂੰ ਪੀਣ ਵਾਲੇ ਠੰਢੇ ਪਾਣੀ ਦੀ ਸੁਵਿਧਾ ਪ੍ਰਾਪਤ ਹੋ ਸਕੇ। ਇਸ ਉਪਰਾਲੇ ਨਾਲ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਆਪਣੇ ਸੰਬੋਧਨ ਦੌਰਾਨ ਸ਼ਾਖਾ ਪ੍ਰਬੰਧਕ ਦਿਨੇਸ਼ ਕੁਮਾਰ ਨੇ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ (ਸੀਐੱਸਆਰ) ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੈਂਕ ਸਿਰਫ਼ ਵਿੱਤੀ ਸੇਵਾਵਾਂ ਹੀ ਨਹੀਂ ਪ੍ਰਦਾਨ ਕਰਦੇ, ਸਗੋਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਵੀ ਅਹਿਮ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸੀਐੱਸਆਰ ਦੇ ਤਹਿਤ ਬੈਂਕ ਵੱਲੋਂ ਸਿੱਖਿਆ, ਸਿਹਤ ਅਤੇ ਸਮਾਜਿਕ ਭਲਾਈ ਨਾਲ ਸਬੰਧਤ ਵੱਖ-ਵੱਖ ਕਾਰਜ ਕੀਤੇ ਜਾਂਦੇ ਹਨ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ। ਸਕੂਲ ਦੇ ਹੈੱਡਟੀਚਰ ਪਰਮਜੀਤ ਸਿੰਘ ਅਤੇ ਅਧਿਆਪਕ ਸੁਸ਼ੀਲ ਕੁਮਾਰ ਨੇ ਪੰਜਾਬ ਗ੍ਰਾਮੀਣ ਬੈਂਕ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਸਕੂਲ ਦੇ ਬੱਚਿਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ।