ਇੱਕ ਔਰਤ ਸਣੇ 3 ਗ੍ਰਿਫ਼ਤਾਰ; ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਇੱਕ ਔਰਤ ਸਮੇਤ 3 ਗ੍ਰਿਫ਼ਤਾਰ; ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ
Publish Date: Sat, 14 Mar 2026 07:52 PM (IST)
Updated Date: Sun, 15 Mar 2026 04:16 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਮਾਮਲਿਆਂ ਵਿੱਚ ਇੱਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ ਅਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਬਾਕਸ-0- ਹਿਮਾਚਲ ਦੀ ਮਹਿਲਾ 100 ਗ੍ਰਾਮ ਹੈਰੋਇਨ ਸਮੇਤ ਕਾਬੂ ਪੁਲਿਸ ਮੁਤਾਬਕ ਟਾਂਡਾ ਪੁਲਿਸ ਦੇ ਮੁੱਖ ਸਿਪਾਹੀ ਜਸਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਫੋਕਲ ਪੁਆਇੰਟ ਨੇੜੇ ਪਹੁੰਚੀ ਤਾਂ ਹਾਈਵੇ ਦੇ ਖੱਬੇ ਪਾਸੇ ਲਾਈਟ ਹੇਠ ਇੱਕ ਔਰਤ ਖੜੀ ਦਿਖਾਈ ਦਿੱਤੀ ਜੋ ਪੁਲਿਸ ਨੂੰ ਦੇਖ ਕੇ ਘਬਰਾਹਟ ਵਿੱਚ ਪਿੱਛੇ ਵੱਲ ਭੱਜਣ ਲੱਗੀ। ਪੁਲਿਸ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਹੱਥ ਵਿਚ ਫੜਿਆ ਕਾਲੇ ਰੰਗ ਦਾ ਮੋਮੀ ਲਿਫਾਫਾ ਸੜਕ ਕਿਨਾਰੇ ਘਾਹ ਵਿੱਚ ਸੁੱਟ ਦਿੱਤਾ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਦੀ ਪਛਾਣ ਕਲਪਨਾ ਪਤਨੀ ਮਲਕੀਤ ਸਿੰਘ ਵਾਸੀ ਮੀਲਮਾ ਤਮੋਟਾ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਦੌਰਾਨ ਉਸ ਵਿਚੋਂ ਕਰੀਬ 100 ਗ੍ਰਾਮ ਹੈਰੋਇਨ ਕਥਿਤ ਤੌਰ ‘ਤੇ ਬਰਾਮਦ ਹੋਈ। ਪੁਲਿਸ ਨੇ ਮਹਿਲਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਬਾਕਸ-- ਨਸ਼ਾ ਕਰਦੇ ਹੋਏ ਨੌਜਵਾਨ ਨੂੰ ਦਬੋਚਿਆ ਇਕ ਹੋਰ ਮਾਮਲੇ ਵਿੱਚ ਟਾਂਡਾ ਪੁਲਿਸ ਦੇ ਏਐਸਆਈ ਰਾਜੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਚੌਕੀ ਸਰਾਂ ਤੋਂ ਦਰੀਆ, ਘੋੜਵਾਹਾ ਅਤੇ ਸਲੇਮਪੁਰ ਵੱਲ ਜਾ ਰਹੀ ਸੀ। ਪੁਲਿਸ ਮੁਤਾਬਕ ਪਿੰਡ ਘੋੜਵਾਹਾ ਨੇੜੇ ਸੜਕ ਕਿਨਾਰੇ ਇੱਕ ਨੌਜਵਾਨ ਸਿਲਵਰ ਪੇਪਰ ਦੀ ਪੰਨੀ ਹੇਠ ਲਾਈਟਰ ਜਲਾ ਕੇ ਕਥਿਤ ਤੌਰ ‘ਤੇ ਨਸ਼ਾ ਕਰਦਾ ਦਿਖਾਈ ਦਿੱਤਾ। ਪੁਲਿਸ ਨੇ ਦੱਸਿਆ ਕਿ ਨੌਜਵਾਨ ਨੇ ਪੁਲਿਸ ਨੂੰ ਦੇਖ ਕੇ ਪੇਪਰ ਦੀ ਪੰਨੀ, ਲਾਈਟਰ ਅਤੇ 10 ਰੁਪਏ ਦਾ ਗੋਲ ਕੀਤਾ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਸੁਖਵੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਦੇਹਰੀਵਾਲ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ। ਬਾਕਸ-- ਮਾਹਿਲਪੁਰ ਪੁਲਿਸ ਵੱਲੋਂ ਇੱਕ ਹੋਰ ਗ੍ਰਿਫਤਾਰ ਇਸੇ ਤਰ੍ਹਾਂ ਮਾਹਿਲਪੁਰ ਪੁਲਿਸ ਦੇ ਏਐਸਆਈ ਰਸ਼ਪਾਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਜਦੋਂ ਪਿੰਡ ਬੱਢੋਆਣ ਤੋਂ ਸਰਦੁੱਲਾਪੁਰ ਵੱਲ ਜਾਂਦੇ ਹੋਏ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠਾ ਦਿਖਾਈ ਦਿੱਤਾ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ਼ ਲਵੀ ਪੁੱਤਰ ਹਰਭਜਨ ਸਿੰਘ ਵਾਸੀ ਬੱਢੋਆਣ ਦੱਸਿਆ। ਪੁਲਿਸ ਅਨੁਸਾਰ, ਤਲਾਸ਼ੀ ਦੌਰਾਨ ਲਵਪ੍ਰੀਤ ਪਾਸੋਂ ਇੱਕ ਲਾਈਟਰ ਅਤੇ ਇੱਕ ਪੰਨੀ ਬਰਾਮਦ ਹੋਈ, ਜਿਸ ਤੇ ਕਥਿਤ ਤੌਰ ਤੇ ਨਸ਼ੀਲਾ ਪਦਾਰਥ ਲੱਗਾ ਹੋਇਆ ਸੀ। ਇਸ ਦੇ ਨਾਲ ਹੀ 10 ਰੁਪਏ ਦਾ ਰੋਲ ਕੀਤਾ ਹੋਇਆ ਨੋਟ ਵੀ ਬਰਾਮਦ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਕਤ ਸਾਰੇ ਵਿਅਕਤੀਆਂ ਵਿਰੁੱਧ ਐੱਨਡੀਪੀਐੱਸ ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।