ਟੁੱਟੀਆਂ ਸੜਕਾਂ ਦੀ ਪੁਨਰ ਸੁਰਜੀਤੀ ਲਈ ਕੱਢਿਆ ਰੋਸ ਮਾਰਚ
ਮੁਕੇਰੀਆਂ ਦੀਆਂ ਟੁੱਟੀਆਂ ਸੜਕਾਂ ਦੀ ਪੁਨਰ ਸੁਰਜੀਤੀ ਲਈ ਕਾਂਗਰਸ ਵੱਲੋਂ ਕੱਢਿਆ ਗਿਆ ਰੋਸ ਮਾਰਚ
Publish Date: Sat, 14 Mar 2026 07:49 PM (IST)
Updated Date: Sun, 15 Mar 2026 04:16 AM (IST)

15 ਦਿਨਾਂ ਵਿੱਚ ਕੰਮ ਸ਼ੁਰੂ ਨਾ ਹੋਇਆ ਤਾਂ ਅਫ਼ਸਰਾਂ ਦੇ ਦਫ਼ਤਰਾਂ ਦਾ ਕਰਾਂਗੇ ਘਿਰਾਓ : ਸਰਬਜੋਤ ਸਾਬੀ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ :ਹਲਕਾ ਮੁਕੇਰੀਆਂ ਵਿੱਚ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਕਾਰਨ ਟੁੱਟ ਚੁੱਕੀਆਂ ਸੜਕਾਂ ਦੀ ਹਾਲਤ ਸੁਧਾਰਨ ਦੀ ਮੰਗ ਕਰਦੇ ਹੋਏ ਅੱਜ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਹਲਕਾ ਵਾਸੀਆਂ ਤੇ ਕਾਂਗਰਸੀ ਵਰਕਰਾਂ ਵੱਲੋਂ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਲੋਕਾਂ ਵੱਲੋਂ ਸੂਬੇ ਦੀ ਆਪ ਸਰਕਾਰ ਤੇ ਮਾਈਨਿੰਗ ਮਾਫ਼ੀਆ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਸਮੇਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਹਲਕੇ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਕਾਰਨ ਇੱਕ ਪਾਸੇ ਤਾਂ ਕੁਦਰਤੀ ਸਰੋਤ ਲੁੱਟੇ ਜਾ ਰਹੇ ਹਨ ਤੇ ਦੂਜੇ ਪਾਸੇ ਹਲਕੇ ਦੀਆਂ ਸੜਕਾਂ ਦੀ ਹਾਲਤ ਓਵਰਲੋਡ ਗੱਡੀਆਂ ਕਾਰਨ ਬਦ ਤੋਂ ਬਦਤਰ ਹੋ ਗਈ ਹੈ। ਜਿਸ ਕਾਰਨ ਰੋਜ਼ਾਨਾ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪਰ ਇਸ ਪਾਸੇ ਨਾ ਤਾਂ ਸੂਬਾ ਸਰਕਾਰ ਦਾ ਧਿਆਨ ਹੈ ਤੇ ਨਾ ਹੀ ਮਾਈਨਿੰਗ ਮਾਫ਼ੀਆ ਵੱਲੋਂ ਕੋਈ ਕਸਰ ਬਾਕੀ ਛੱਡੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਆਉਂਦੇ 15 ਦਿਨਾਂ ਦੌਰਾਨ ਸੜਕਾਂ ਦੀ ਹਾਲਤ ਨਾ ਸੁਧਾਰੀ ਗਈ ਅਤੇ ਮਾਈਨਿੰਗ ਮਾਫ਼ੀਆ ਨੂੰ ਨੱਥ ਨਾ ਪਾਈ ਗਈ ਤਾਂ ਕਾਂਗਰਸੀ ਵਰਕਰਾਂ ਵੱਲੋਂ ਹਲਕਾ ਵਾਸੀਆਂ ਨੂੰ ਨਾਲ ਲੈ ਕੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਦਫ਼ਤਰਾਂ ਨੂੰ ਘੇਰਿਆ ਜਾਵੇਗਾ ਤੇ ਫਿਰ ਸੰਘਰਸ਼ ਤਦ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਸੜਕਾਂ ਦੀ ਹਾਲਤ ਸੁਧਾਰੀ ਨਹੀਂ ਜਾਂਦੀ। ਸਰਬਜੋਤ ਸਾਬੀ ਨੇ ਕਿਹਾ ਕਿ ਹੁਣ ਕੁੱਝ ਕੁ ਮਹੀਨਿਆਂ ਦੌਰਾਨ ਹੀ ਸੜਕਾਂ ਦਾ ਨਿਰਮਾਣ ਕਾਰਜ ਹੋਣਾ ਹੈ ਕਿਉਂਕਿ ਅੱਗੇ ਬਰਸਾਤ ਦੇ ਮੌਸਮ ਵਿੱਚ ਸੜਕਾਂ ਨਹੀਂ ਬਣਨਗੀਆਂ ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਮੁਕੇਰੀਆਂ ਹਲਕੇ ਦੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਦੀ ਮੌਜ਼ੂਦਾ ਆਪ ਸਰਕਾਰ ਦੇ ਰਾਜ ਵਿੱਚ ਮਾਈਨਿੰਗ ਮਾਫ਼ੀਆ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਸ ਮੌਕੇ ਅਨਿਲ ਠਾਕੁਰ ਸਰਪੰਚ ਮਾਨਸਰ, ਅਸ਼ੋਕ ਕੁਮਾਰ ਸਰਪੰਚ ਸਰਿਆਣਾ, ਪ੍ਰੇਮ ਚੰਦ ਸਰਪੰਚ ਸੈਦੋ ਨੌਸ਼ਹਿਰਾ, ਨਰਦੇਵ ਸਿੰਘ ਕਰਾੜੀ, ਕੁਲਭੂਸ਼ਣ ਸੋਹਲ ਹਾਜੀਪੁਰ, ਕਿਰਪਾਲ ਸਿੰਘ ਸਰਿਆਣਾ, ਬਲਦੇਵ ਸਿੰਘ ਕੌਲਪੁਰ, ਠਾਕੁਰ ਮਲਕੀਤ ਸਿੰਘ ਚੱਕੜਿਆਲ, ਰਸ਼ਪਾਲ ਸਿੰਘ ਰੰਗਾ, ਰਾਜੇਸ਼ ਕੁਮਾਰ ਰੱਤੂ, ਲਖਬੀਰ ਸਿੰਘ ਮਾਨਾਂ, ਤਜਿੰਦਰ ਪਾਲ ਸਿੰਘ ਬੱਬਲੂ, ਅਰਵਿੰਦਰਪਾਲ ਸਿੰਘ ਪ੍ਰਿੰਸ ਦੇਵੀਦਾਸ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਮੌਜ਼ੂਦ ਸਨ।