ਹੁਸ਼ਿਆਰਪੁਰ ’ਚ ਗੂੰਜਿਆ ‘ਜਾਗੋ’ ਦਾ ਹੋਕਾ
ਹੁਸ਼ਿਆਰਪੁਰ 'ਚ ਗੂੰਜਿਆ 'ਜਾਗੋ' ਦਾ ਹੋਕਾ: ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਖੁਸ਼ੀ 'ਚ ਮਹਿਲਾਵਾਂ ਨੇ ਪਾਇਆ ਗਿੱਧਾ
Publish Date: Sat, 14 Mar 2026 07:37 PM (IST)
Updated Date: Sun, 15 Mar 2026 04:15 AM (IST)

ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਖੁਸ਼ੀ ’ਚ ਔਰਤਾਂ ਨੇ ਪਾਇਆ ਗਿੱਧਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੰਜਾਬ ਦੇ ਮੁੱਖ ਮੰਤਰੀ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਐਲਾਨ ਤੋਂ ਬਾਅਦ ਹੁਸ਼ਿਆਰਪੁਰ ਹਲਕੇ ਵਿੱਚ ਆਮ ਆਦਮੀ ਪਾਰਟੀ ਦੀਆਂ ਔਰਤਾਂ ਵੱਲੋਂ ਜਾਗੋ ਕੱਢ ਕੇ ਖੁਸ਼ੀ ਮਨਾਈ ਗਈ। ਸ਼ੁੱਕਰਵਾਰ ਰਾਤ ਸਮੇਂ ਕੱਢੀ ਗਈ ਇਸ ਜਾਗੋ ਰਾਹੀਂ ਮਹਿਲਾਵਾਂ ਨੇ ਸਰਕਾਰ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਨਿਕਲੀ ਇਸ ਜਾਗੋ ਦੌਰਾਨ ਮਾਹੌਲ ਪੂਰੀ ਤਰ੍ਹਾਂ ਰੰਗੀਲਾ ਰਿਹਾ। ਢੋਲ-ਨਗਾੜਿਆਂ ਦੀ ਥਾਪ ’ਤੇ ਗਿੱਧਾ-ਭੰਗੜਾ ਪਾਉਂਦੀਆਂ ਔਰਤਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਸਰਕਾਰ ਵੱਲੋਂ ਔਰਤਾਂ ਲਈ ₹1000 ਤੋਂ ₹1500 ਤੱਕ ਦੀ ਸਨਮਾਨ ਰਾਸ਼ੀ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਹਲਕਾ ਹੁਸ਼ਿਆਰਪੁਰ ਦੀ ਕੋ-ਆਰਡੀਨੇਟਰ ਸਰਬਜੀਤ ਕੌਰ ਨੇ ਦੱਸਿਆ ਕਿ ਇਹ ਜਾਗੋ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਇੰਚਾਰਜ ਮਨਜੋਤ ਕੌਰ ਦੀ ਅਗਵਾਈ ਹੇਠ ਕੱਢੀ ਗਈ। ਜਾਗੋ ਦੀ ਸ਼ੁਰੂਆਤ ਮਿਊਂਸਿਪਲ ਲਾਇਬ੍ਰੇਰੀ ਕੋਲੋਂ ਹੋਈ ਅਤੇ ਇਹ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚੋਂ ਲੰਘਦੀ ਹੋਈ ਪੁਰਾਣੀ ਸਬਜ਼ੀ ਮੰਡੀ ਚੌਕ ਵਿਖੇ ਸਮਾਪਤ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਐਲਾਨ ਤੋਂ ਬਾਅਦ ਪੂਰੇ ਸੂਬੇ ’ਚ ਖੁਸ਼ੀ ਦੀ ਲਹਿਰ ਹੈ। ਸਰਬਜੀਤ ਕੌਰ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ’ਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਕੱਢੀ ਗਈ ਜਾਗੋ ਇਸ ਗੱਲ ਦਾ ਸਬੂਤ ਹੈ ਕਿ ਔਰਤਾਂ ’ਚ ਇਸ ਫੈਸਲੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਮੇਅਰ ਸੁਰਿੰਦਰ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਔਰਤਾਂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਹਰਦੀਪ ਕੌਰ ਸਮੇਤ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੀਆਂ ਮਹਿਲਾ ਆਗੂਆਂ ਅਤੇ ਵਰਕਰ ਮੌਜੂਦ ਸਨ। ਔਰਤਾਂ ਦਾ ਕਹਿਣਾ ਸੀ ਕਿ ਇਹ ਸਨਮਾਨ ਰਾਸ਼ੀ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ’ਚ ਵੱਡੀ ਸਹਾਇਤਾ ਸਾਬਤ ਹੋਵੇਗੀ।